ਯੂਕੇ: ਸਿਹਤ ਕਰਮਚਾਰੀਆਂ ਵੱਲੋਂ ਪੀ.ਐੱਮ. ਨੂੰ ਬਿਹਤਰ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਾਉਣ ਦੀ ਅਪੀਲ
Friday, Feb 19, 2021 - 02:20 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਨਿੱਜੀ ਸੁਰੱਖਿਆ ਉਪਕਰਣਾ ਦੀ ਬਹੁਤ ਮਹੱਤਤਾ ਹੈ।ਇਸ ਮਹਾਮਾਰੀ ਦੌਰਾਨ ਇਸ ਤਰ੍ਹਾਂ ਦੀ ਬਿਹਤਰ ਸੁਰੱਖਿਆ ਦੀ ਸਿਹਤ ਵਿਭਾਗ ਨਾਲ ਜੁੜੇ ਕਰਮਚਾਰੀਆਂ ਨੂੰ ਬਹੁਤ ਜਰੂਰਤ ਹੈ, ਕਿਉਂਕਿ ਉਹਨਾਂ ਨੂੰ ਆਮ ਲੋਕਾਂ ਨਾਲੋਂ ਵਾਇਰਸ ਦੀ ਲਾਗ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਹਨਾਂ ਨਿੱਜੀ ਸੁਰੱਖਿਆ ਉਪਕਰਣਾ (ਪੀ ਪੀ ਈ) ਦੇ ਸੰਬੰਧ ਵਿੱਚ ਯੂਕੇ ਦੀਆਂ ਤਕਰੀਬਨ 20 ਵੱਡੀਆਂ ਸਿਹਤ ਸੰਭਾਲ ਸੰਸਥਾਵਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਬਿਹਤਰ ਨਿੱਜੀ ਸੁਰੱਖਿਆ ਦੀ ਅਪੀਲ ਕਰ ਰਹੀਆਂ ਹਨ।
ਇਹਨਾਂ ਸੰਸਥਾਵਾਂ ਅਨੁਸਾਰ ਕੋਵਿਡ-19 ਨਾਲ ਘੱਟੋ ਘੱਟ 930 ਸਿਹਤ ਅਤੇ ਦੇਖਭਾਲ ਕਰਮਚਾਰੀਆਂ ਦੀ ਮੌਤ ਹੋ ਗਈ ਹੈ ਅਤੇ ਹੋਰ ਕਈ ਲੰਬੇ ਸਮੇਂ ਦੇ ਹੋਰ ਪ੍ਰਭਾਵਾਂ ਦਾ ਵੀ ਸਾਹਮਣਾ ਕਰ ਰਹੇ ਹਨ। ਆਪਣੀ ਇੱਕ ਬੇਨਤੀ ਰਾਹੀ ਸਿਹਤ ਅਮਲੇ ਨੇ ਦੱਸਿਆ ਕਿ ਹਵਾ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਉਪਾਅ ਪ੍ਰਭਾਵਸ਼ਾਲੀ ਨਹੀ ਹਨ, ਜਿਸ ਕਰਕੇ ਮਾਸਕ ਅਤੇ ਹੋਰ ਨਿੱਜੀ ਸੁਰੱਖਿਆ ਉਪਕਰਣਾਂ (ਪੀ ਪੀ ਈ) ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ ਸਰਕਾਰ ਦੀਆਂ ਕੋਰੋਨਾ ਹਿਦਾਇਤਾਂ ਨੂੰ ਟਿੱਚ ਜਾਣਦੇ ਨੇ ਇਟਲੀ ਦੇ ਕੁਝ ਏਜੰਟ, ਇੰਝ ਕਰਦੇ ਨੇ ਧੋਖਾਧੜੀ
ਸਿਹਤ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦੇ ਆਮ ਲੋਕਾਂ ਨਾਲੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਸੰਕਰਮਿਤ ਹੋਣ ਦੇ ਜੋਖਮ ਕਾਰਨ ਬੋਰਿਸ ਜਾਨਸਨ ਨੂੰ ਅਪੀਲ ਰਾਹੀਂ ਹੋਰ ਜਾਨੀ ਨੁਕਸਾਨ ਤੋਂ ਬਚਾਅ ਲਈ ਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਇੱਕ ਸਰਕਾਰੀ ਬੁਲਾਰੇ ਅਨੁਸਾਰ ਐਨ ਐਚ ਐਸ ਅਤੇ ਸਮਾਜਿਕ ਦੇਖਭਾਲ ਅਮਲੇ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ, ਇਸ ਲਈ ਸਰਕਾਰ ਹਵਾ ਵਿੱਚ ਵਾਇਰਸ ਦੇ ਸੰਚਾਰ ਨਾਲ ਜੁੜੇ ਨਵੇਂ ਸਬੂਤਾਂ ਦੀ ਨੇੜਿਓਂ ਨਜ਼ਰ ਰੱਖਣ ਦੇ ਨਾਲ ਇਸ ਸਲਾਹ ਨੂੰ ਲੋੜ ਅਨੁਸਾਰ ਅਪਡੇਟ ਵੀ ਕਰੇਗੀ।
ਨੋਟ- ਸਿਹਤ ਕਰਮਚਾਰੀਆਂ ਵੱਲੋਂ ਬਿਹਤਰ ਸੁਰੱਖਿਆ ਉਪਕਰਨ ਮੁਹੱਈਆ ਕਰਾਉਣ ਦੀ ਅਪੀਲ 'ਤੇ ਕੁਮੈਂਟ ਕਰ ਦਿਓ ਰਾਏ।