UAE ਨੇ ਗੈਰ ਮੁਸਲਿਮਾਂ ਲਈ ਚੁੱਕਿਆ ਇਕ ਹੋਰ ਵੱਡਾ ਕਦਮ, ਹੋ ਰਹੀ ਤਾਰੀਫ਼

Tuesday, Dec 28, 2021 - 06:20 PM (IST)

UAE ਨੇ ਗੈਰ ਮੁਸਲਿਮਾਂ ਲਈ ਚੁੱਕਿਆ ਇਕ ਹੋਰ ਵੱਡਾ ਕਦਮ, ਹੋ ਰਹੀ ਤਾਰੀਫ਼

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਮਤਲਬ ਯੂ.ਏ.ਈ. ਨੇ ਪਹਿਲੀ ਵਾਰ ਕੈਨੇਡਾ ਦੇ ਇਕ ਗੈਰ ਮੁਸਲਿਮ ਜੋੜੇ ਲਈ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਹੈ। ਕੈਨੇਡਾ ਦੇ ਇਸ ਜੋੜੇ ਨੇ ਇਸ ਲਈ ਇੱਥੋਂ ਦੀ ਸਰਕਾਰ ਨੂੰ ਧੰਨਵਾਦ ਕਿਹਾ ਹੈ। ਖਾੜੀ ਦਾ ਇਹ ਦੇਸ਼ ਹਾਲ ਹੀ ਦਿਨਾਂ ਵਿਚ ਕਈ ਤਬਦੀਲੀਆਂ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਯੂ.ਏ.ਈ. ਵਿਚ ਰਹਿਣ ਵਾਲੀ 1 ਕਰੋੜ ਦੀ ਆਬਾਦੀ ਵਿਚ 90 ਫੀਸਦੀ ਵਿਦੇਸ਼ੀ ਹਨ। ਅਜਿਹੇ ਵਿਚ ਯੂ.ਏ.ਈ. ਅਜਿਹੀਆਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰ ਰਿਹਾ ਹੈ, ਜਿਸ ਨਾਲ ਮੁਸਲਮਾਨਾਂ ਦੇ ਇਲਾਵਾ ਬਾਕੀ ਧਰਮਾਂ ਅਤੇ ਸੱਭਿਆਚਾਰ ਦੇ ਲੋਕਾਂ ਲਈ ਚੀਜ਼ਾਂ ਆਸਾਨ ਹੋਣ। 

ਨਵੰਬਰ ਮਹੀਨੇ ਵਿਚ ਯੂ.ਏ.ਈ. ਨੇ ਗੈਰ ਮੁਸਲਮਾਨਾਂ ਦੇ ਨਿੱਜੀ ਮਾਮਲਿਆਂ ਲਈ ਵੱਖਰਾ ਕਾਨੂੰਨ ਬਣਾਇਆ ਸੀ। ਨਵੇਂ ਕਾਨੂੰਨ ਦੇ ਤਹਿਤ ਕੈਨੇਡਾ ਦੇ ਇਸ ਜੋੜੇ ਦਾ ਵਿਆਹ ਹੋਇਆ ਅਤੇ ਪਹਿਲਾ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਯੂ.ਏ.ਈ. ਦੇ ਇਸ ਕਦਮ ਨਾਲ ਉਸ ਨੂੰ ਦੁਨੀਆ ਭਰ ਤੋਂ ਹੁਨਰ ਅਤੇ ਮੁਹਾਰਤ ਨੂੰ ਆਕਰਸ਼ਿਤ ਕਰਨ ਵਿਚ ਮਦਦ ਮਿਲੇਗੀ। ਮੱਧ-ਪੂਰਬ ਇਸਲਾਮ, ਈਸਾਈ ਅਤੇ ਯਹੂਦੀ ਧਰਮ ਦਾ ਜਨਮ ਸਥਲ ਹੈ। ਤਿੰਨੇ ਧਰਮਾਂ ਵਿਚ ਵਿਆਹ ਲਈ ਇੱਥੇ ਵੱਖੋ-ਵੱਖ ਨਿਯਮ ਹਨ। ਭਾਵੇਂਕਿ ਟਿਊਨੀਸ਼ੀਆ ਅਤੇ ਅਲਜੀਰੀਆ ਵਿਚ ਸਿਵਲ ਮੈਰਿਜ ਦੀ ਇਜਾਜ਼ਤ ਹੈ। ਸਿਵਲ ਮੈਰਿਜ ਦਾ ਮਤਲਬ ਅਜਿਹੇ ਵਿਆਹ ਤੋਂ ਹੈ, ਜਿਸ ਵਿਚ ਧਰਮ ਪਰਿਵਰਤਨ ਸ਼ਾਮਲ ਨਹੀਂ ਹੁੰਦਾ ਹੈ ਪਰ ਉਸ ਨੂੰ ਕਾਨੂੰਨੀ ਮਾਨਤਾ ਮਿਲਦੀ ਹੈ। ਇਸ ਇਲਾਕੇ ਦੇ ਕੁਝ ਹੋਰ ਦੇਸ਼ਾਂ ਵਿਚ ਕੁਝ ਸ਼ਰਤਾਂ ਨਾਲ ਸਿਵਲ ਮੈਰਿਜ ਦੀ ਇਜਾਜ਼ਤ ਹੈ। ਹਾਲ ਹੀ ਦਿਨਾਂ ਵਿਚ ਯੂ.ਏ.ਈ. ਨੇ ਅਜਿਹੀਆਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਹਨ, ਜਿਹਨਾਂ ਨਾਲ ਗੈਰ ਮੁਸਲਮਾਨਾਂ ਲਈ ਇੱਥੇ ਰਹਿਣਾ ਆਸਾਨ ਹੋਇਆ ਹੈ। 

PunjabKesari

ਵੀਡੀਓ ਕਾਨਫਰਸਿੰਗ ਜ਼ਰੀਏ ਗੈਰ ਮੁਸਲਿਮ ਰਜਿਸਟਰ ਕਰਵਾ ਸਕਣਗੇ ਵਿਆਹ
ਨਵੇਂ ਕਾਨੂੰਨ ਦੇ ਤਹਿਤ ਗੈਰ ਮੁਸਲਿਮਾਂ ਲਈ ਸਿਵਲ ਮੈਰਿਜ ਦੀ ਰਜਿਸਟ੍ਰੇਸ਼ਨ ਸੇਵਾ ਹੁਣ ਆਬੂ ਧਾਬੀ ਨਿਆਂਇਕ ਵਿਭਾਗ (ADJD) ਦੀ ਅਧਿਕਾਰਤ ਵੈਬਸਾਈਟ 'ਤੇ ਵਸਨੀਕਾਂ ਅਤੇ ਆਉਣ ਵਾਲੇ ਸੈਲਾਨੀਆਂ, ਦੋਹਾਂ ਲਈ ਉਪਲਬਧ ਰਹੇਗੀ। ਵਿਆਹ ਦੀ ਰਜਿਸਟ੍ਰੇਸ਼ਨ ਵੀਡੀਓ ਕਾਨਫਰਸਿੰਗ ਦੇ ਮਾਧਿਅਮ ਨਾਲ ਪੂਰੀ ਕੀਤੀ ਜਾ ਸਕਦੀ ਹੈ। ADJD ਦੇ ਅੰਡਰ ਸੈਕਟਰੀ ਯੁਸੂਫ ਸਈਦ ਅਲ ਅਬਰੀ ਨੇ ਕਿਹਾ ਕਿ ਆਬੂ ਧਾਬੀ ਦੀ ਅਦਾਲਤ ਵੱਲੋਂ ਪਹਿਲੀ ਵਾਰ ਗੈਰ ਮੁਸਲਮਾਨਾਂ ਲਈ ਮੈਰਿਜ ਕੰਟਰੈਕਟ ਪ੍ਰਕਿਰਿਆ ਸ਼ੁਰੂ ਕਰਨਾ ਅਰਬ ਖੇਤਰ ਲਈ ਇਕ ਮਿਸਾਲ ਹੈ। ਅਲ ਅਬਰੀ ਨੇ ਕਿਹਾ ਕਿ ਗੈਰ ਮੁਸਲਿਮਾਂ ਦੇ ਵਿਆਹ ਸਬੰਧੀ ਜੋ ਕਾਨੂੰਨ ਬਣਾਇਆ ਗਿਆ ਹੈ ਉਹ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਕ ਹੈ। ਇਹ ਇਸਲਾਮ ਦਾ ਸਕਾਰਾਤਮਕ ਅਕਸ ਪੇਸ਼ ਕਰਦਾ ਹੈ ਅਤੇ ਸਹਿਣਸ਼ੀਲਤਾ ਨੂੰ ਵੀ ਦਰਸਾਉਂਦਾ ਹੈ।

ਹਰ ਪਾਸੇ ਹੋ ਰਹੀ ਤਾਰੀਫ਼
ਯੂ.ਏ.ਈ. ਦੇ ਇਸ ਕਦਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਤਾਰੀਫ਼ ਹੋ ਰਹੀ ਹੈ। ਬੀ.ਬੀ.ਸੀ. ਵਰਲਡ ਵਿਚ ਮੱਧ-ਪੂਰਬ ਮਾਮਲਿਆਂ ਦੇ ਸੰਪਾਦਕ ਸੇਬੇਸਟਿਅਨ ਉਸ਼ੇਰ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਕਿ 'ਆਬੂ ਧਾਬੀ ਵਿਚ ਗੈਰ ਮੁਸਲਿਮ ਕੋਰਟ ਵਿਚ ਰਜਿਸਟਰਡ ਪਹਿਲਾ ਵਿਆਹ' ਇਹ ਦੇਸ਼ ਦੇ ਉਦਾਰ ਅਕਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਦੇ ਤਹਿਤ ਕੀਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ -50 ਡਿਗਰੀ ਤੱਕ ਪਹੁੰਚਿਆ ਪਾਰਾ, ਜਾਨਲੇਵਾ ਠੰਡ ਨਾਲ ਜਨਜੀਵਨ ਪ੍ਰਭਾਵਿਤ

ਯੂ.ਏ.ਈ ਨੇ ਚੁੱਕੇ ਕਈ ਅਹਿਮ ਕਦਮ
ਯੂ.ਏ.ਈ. ਇਸ ਤੋਂ ਪਹਿਲਾਂ ਅਣਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦੇ ਚੁੱਕਾ ਹੈ। ਇਸ ਦੇ ਨਾਲ ਹੀ ਸ਼ਰਾਬ ਅਤੇ ਲੰਬੇ ਲਮੇਂ ਲਈ ਵੀਜ਼ਾ ਨਿਯਮਾਂ ਦੀ ਸਖ਼ਤੀ ਨੂੰ ਵੀ ਉਦਾਰ ਬਣਾਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਹੀ ਯੂ.ਏ.ਈ. ਨੇ ਪੱਛਮ ਦੀ ਤਰ੍ਹਾਂ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਦੀ ਘੋਸ਼ਣਾ ਕੀਤੀ ਸੀ। ਅਗਲੇ ਸਾਲ 1 ਜਨਵਰੀ ਤੋਂ ਖਾੜੀ ਵਿਚ ਯੂ.ਏ.ਈ. ਅਜਿਹਾ ਪਹਿਲਾ ਦੇਸ਼ ਹੋਵੇਗਾ ਜਿੱਥੇ ਵੀਕੈਂਡ ਸ਼ੁੱਕਰਵਾਰ ਨੂੰ ਨਹੀਂ ਹੋਵੇਗਾ। ਸਾਊਦੀ ਅਰਬ ਨੇ ਔਰਤਾਂ ਨੂੰ ਡ੍ਰਾਈਵ ਕਰਨ ਦੀ ਇਜਾਜ਼ਤ ਦਿੱਤੀ ਹੈ ਅਤੇ ਇਸਲਾਮਿਕ ਡਰੈੱਸ ਕੋਡ ਸਬੰਧੀ ਕਈ ਸੋਧਾਂ ਕੀਤੀਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਯੂ.ਏ.ਈ. ਇਹਨਾਂ ਸੁਧਾਰਾਂ ਨਾਲ ਆਪਣੇ ਵਧੀਆ ਅਕਸ ਨੂੰ ਪੇਸ਼ ਕਰਨਾ ਚਾਹੁੰਦਾ ਹੈ। ਇਸ ਨਾਲ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਨੂੰ ਵਧਾਵਾ ਮਿਲੇਗਾ ਅਤੇ ਯੂ.ਏ.ਈ. ਖਾੜੀ ਦੇ ਆਪਣੇ ਵਿਰੋਧੀਆਂ ਨੂੰ ਟੱਕਰ ਦੇਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News