UAE ਦਾ ਸ਼ਾਹਬਾਜ਼ ਸ਼ਰੀਫ ਨੂੰ 'ਖੈਰਾਤ' ਤੋਂ ਇਨਕਾਰ, ਬੈਂਕ ਤੋਂ ਲੈ ਕੇ ਏਅਰਲਾਈਨਜ਼ ਤੱਕ ਵੇਚੇਗਾ ਪਾਕਿਸਤਾਨ
Tuesday, Jan 31, 2023 - 04:53 PM (IST)
ਦੁਬਈ- ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਉਸ ਦੇ ਮਿੱਤਰ ਦੇਸ਼ਾਂ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਚੀਨ ਨੇ ਖੈਰਾਤ ਦੇਣ ਲਈ ਠੇਂਗਾ ਦਿਖਾ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ਾਹਬਾਜ਼ ਸਰਕਾਰ ਨੂੰ ਕੋਈ ਮਦਦ ਨਹੀਂ ਦੇਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪਿਛਲੇ ਦਿਨੀਂ ਯੂਏਈ ਦਾ ਦੌਰਾ ਕੀਤਾ ਸੀ ਪਰ ਇਹ ਬੇਕਾਰ ਰਿਹਾ। ਇੰਨਾ ਹੀ ਨਹੀਂ ਯੂਏਈ ਦੇ ਰਾਸ਼ਟਰਪਤੀ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਸਨ ਪਰ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ।
ਹੁਣ ਸ਼ਾਹਬਾਜ਼ ਸਰਕਾਰ ਯੂਏਈ ਨੂੰ ਪਾਕਿਸਤਾਨ ਦੀਆਂ 5 ਵੱਡੀਆਂ ਸਰਕਾਰੀ ਕੰਪਨੀਆਂ 'ਚ ਹਿੱਸੇਦਾਰੀ ਵੇਚਣ ਜਾ ਰਹੀ ਹੈ। ਪਾਕਿਸਤਾਨ ਆਈ.ਐੱਮ.ਐਫ ਨਾਲ ਵੀ ਕਰਜ਼ੇ ਲਈ ਗੱਲਬਾਤ ਕਰ ਰਿਹਾ ਹੈ।ਸ਼ਾਹਬਾਜ਼ ਸਰਕਾਰ ਨੇ ਯੂਏਈ ਨੂੰ ਪਾਕਿਸਤਾਨ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ, ਪਾਕਿਸਤਾਨ ਪੈਟਰੋਲੀਅਮ ਲਿਮਟਿਡ, ਨੈਸ਼ਨਲ ਬੈਂਕ ਆਫ਼ ਪਾਕਿਸਤਾਨ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ, ਪਾਕਿਸਤਾਨ ਨੈਸ਼ਨਲ ਸ਼ਿਪਿੰਗ ਕਾਰਪੋਰੇਸ਼ਨ 'ਚ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸਰਕਾਰ ਨੇ ਕਥਿਤ ਤੌਰ 'ਤੇ ਯੂਏਈ ਨੂੰ ਦੋ ਪਾਕਿਸਤਾਨੀ ਕੰਪਨੀਆਂ 'ਚ ਹਿੱਸੇਦਾਰੀ ਵੇਚਣ ਦਾ ਪ੍ਰਸਤਾਵ ਦਿੱਤਾ ਹੈ।
ਇਸ ਤੋਂ ਪਹਿਲਾਂ ਸਾਊਦੀ ਅਰਬ ਅਤੇ ਯੂਏਈ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਹੁਣ ਪਾਕਿਸਤਾਨ ਨੂੰ ਅਰਬਾਂ ਡਾਲਰ ਦੀ ਸਹਾਇਤਾ ਨਹੀਂ ਦੇਣਗੇ। ਇਸ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਯੂਏਈ ਨੂੰ ਆਪਣੀਆਂ ਸਰਕਾਰੀ ਕੰਪਨੀਆਂ 'ਚ ਹਿੱਸੇਦਾਰੀ ਵੇਚਣ ਜਾ ਰਹੀ ਹੈ। ਰਿਪੋਰਟ ਮੁਤਾਬਕ ਸ਼ਾਹਬਾਜ਼ ਸ਼ਰੀਫ ਦੇ ਯੂਏਈ ਦੌਰੇ ਦੌਰਾਨ ਇਹ ਪ੍ਰਸਤਾਵ ਦਿੱਤਾ ਗਿਆ ਸੀ। ਪਾਕਿਸਤਾਨ ਨੇ ਯੂਏਈ ਤੋਂ ਮੰਗ ਕੀਤੀ ਸੀ ਕਿ ਪਾਕਿਸਤਾਨੀ ਸਮਾਨਾਂ ਨੂੰ ਯੂਏਈ ਦੇ ਬਾਜ਼ਾਰ 'ਚ ਜ਼ਿਆਦਾ ਪਹੁੰਚ ਦਿੱਤੀ ਜਾਵੇ। ਸ਼ਾਹਬਾਜ਼ ਸ਼ਰੀਫ਼ ਨੇ ਯੂਏਈ ਦੀਆਂ ਦੋ ਵੱਡੀਆਂ ਕੰਪਨੀਆਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਸੌਰ ਊਰਜਾ, ਹਵਾਈ ਅੱਡਾ ਪ੍ਰਬੰਧਨ ਆਦਿ 'ਚ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਯੂਏਈ ਦੀਆਂ ਇਨ੍ਹਾਂ ਦਿੱਗਜ ਕੰਪਨੀਆਂ ਕੋਲ 300 ਬਿਲੀਅਨ ਡਾਲਰ ਦਾ ਨਿਵੇਸ਼ ਪੋਰਟਫੋਲੀਓ ਹੈ। ਯੂਏਈ ਦੀਆਂ ਇਨ੍ਹਾਂ ਕੰਪਨੀਆਂ ਨੇ ਪਾਕਿਸਤਾਨ ਦੇ ਫ਼ਾਇਦੇ ਲਈ ਚੱਲ ਰਹੀਆਂ ਕੰਪਨੀਆਂ 'ਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ। ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਆਉਣ 'ਤੇ ਯੂਏਈ ਦੇ ਰਾਸ਼ਟਰਪਤੀ ਨਾਲ ਹੋਰ ਕਰਜ਼ਿਆਂ ਬਾਰੇ ਗੱਲ ਕਰਨਾ ਚਾਹੁੰਦੇ ਸਨ, ਪਰ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ 'ਖਰਾਬ ਮੌਸਮ' ਦਾ ਹਵਾਲਾ ਦਿੰਦੇ ਹੋਏ ਆਖਰੀ ਸਮੇਂ 'ਤੇ ਆਪਣਾ ਦੌਰਾ ਰੱਦ ਕਰ ਦਿੱਤਾ।