ਦੁਬਈ: ਮੁੜ ਖੁੱਲ੍ਹਿਆ ਗੁਰੂ ਨਾਨਕ ਦਰਬਾਰ ਗੁਰਦੁਆਰਾ, ਸੰਗਤਾਂ ਨੇ ਕੀਤੇ ਦਰਸ਼ਨ
Sunday, Jul 05, 2020 - 06:19 PM (IST)
ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਜਿੱਥੇ ਕੋਵਿਡ-19 ਮਹਾਮਾਰੀ ਕਾਰਨ ਸੰਭਾਵਿਤ ਤੌਰ 'ਤੇ ਸਾਰੇ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਸਨ। ਉੱਥੇ 110 ਦਿਨਾਂ ਬਾਅਦ, ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਾਰਾ ਖੁੱਲ੍ਹ ਗਿਆ ਹੈ। ਗਲਫ ਨਿਊਜ਼ ਨੇ ਦੱਸਿਆ ਕਿ ਦੇਸ਼ ਭਰ ਵਿਚ ਮਸਜਿਦਾਂ ਅਤੇ ਦੁਬਈ ਦਾ ਇਕਲੌਤਾ ਹਿੰਦੂ ਮੰਦਰ ਮਾਰਚ ਦੇ ਅੱਧ ਤੋਂ ਬੰਦ ਹੋਣ ਤੋਂ ਬਾਅਦ ਪਿਛਲੇ ਹਫਤੇ ਪਹਿਲਾਂ ਹੀ ਦੁਬਾਰਾ ਖੋਲ੍ਹਿਆ ਜਾ ਚੁੱਕਾ ਸੀ।
ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਇਹ ਗੁਰਦੁਆਰਾ ਸਾਹਿਬ ਮੁੜ ਖੋਲ੍ਹਿਆ ਗਿਆ। ਸਾਵਧਾਨੀ ਦੇ ਸਾਰੇ ਉਪਾਵਾਂ ਦੇ ਨਾਲ, ਇਹ ਸਵੇਰੇ 9 ਵਜੇ ਤੋਂ ਸਵੇਰੇ 9:30 ਵਜੇ ਤੱਕ ਅਤੇ ਫਿਰ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਖੁੱਲ੍ਹਿਆ।ਕੰਧਾਰੀ ਨੇ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਮੁਤਾਬਕ ਇਹ ਸਮਾਂ ਸ਼ਨੀਵਾਰ ਤੋਂ ਵੀਰਵਾਰ ਤੱਕ ਦੋ ਹਫ਼ਤਿਆਂ ਤੱਕ ਚੱਲੇਗਾ, ਜਿਸ ਤੋਂ ਬਾਅਦ ਅਧਿਕਾਰੀ ਇਸ ਮਾਮਲੇ ਬਾਰੇ ਹੋਰ ਫੈਸਲਾ ਲੈਣਗੇ। ਉਸ ਸਮੇਂ ਤੱਕ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਬੰਦ ਰਹੇਗਾ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਕੋਵਿਡ-19 ਦੇ 108 ਨਵੇਂ ਮਾਮਲੇ ਦਰਜ, ਸਰਕਾਰ ਨੇ ਚੁੱਕੇ ਸਖਤ ਕਦਮ
ਇਸ ਦੌਰਾਨ ਸਿਰਫ ਥੋੜ੍ਹੇ ਸਮੇਂ ਲਈ ਸਿਰਫ 'ਦਰਸ਼ਨ' ਕਰਨ ਦੀ ਇਜਾਜ਼ਤ ਹੈ। ਅਗਲੇ ਨੋਟਿਸ ਤਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਗਲਫ ਨਿਊਜ਼ ਨੇ ਕੰਧਾਰੀ ਦੇ ਹਵਾਲੇ ਨਾਲ ਕਿਹਾ ਕਿ ਇਸ ਦੇ ਮੁੜ ਖੁੱਲ੍ਹਣ ਤੋਂ ਬਾਅਦ, ਸ਼ਨੀਵਾਰ ਸਵੇਰੇ ਤਕਰੀਬਨ 250 ਲੋਕ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਆਏ। ਸਾਵਧਾਨੀਆਂ ਦੇ ਹਿੱਸੇ ਵਜੋਂ, ਸੰਗਤ ਨੂੰ ਮਾਸਕ, ਦਸਤਾਨੇ ਪਹਿਨਣੇ ਪੈਂਦੇ ਹਨ, ਸੈਨੇਟਾਈਜ਼ਰ ਦੀ ਵਰਤੋਂ ਕਰਨੀ ਪੈਂਦੀ ਹੈ, ਰੋਗਾਣੂ-ਮੁਕਤ ਮਸ਼ੀਨਾਂ ਵਿਚੋਂ ਲੰਘਣਾ ਪੈਂਦਾ ਹੈ, ਉਨ੍ਹਾਂ ਦੇ ਤਾਪਮਾਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਮਾਜਕ ਦੂਰੀ ਬਣਾਈ ਰੱਖਣੀ ਪੈਂਦੀ ਹੈ।