ਜੰਗ ਮਗਰੋਂ ਦੁਬਈ ਨੂੰ ਲੀਹ ''ਤੇ ਲਿਆਉਣ ਦੀਆਂ ਕੋਸ਼ਿਸ਼ਾਂ ''ਚ ਪ੍ਰਸ਼ਾਸਨ ! 2.5 ਅਰਬ ਦਿਰਹਮ ਦੇ ਪੈਕੇਜ ਦਾ ਕੀਤਾ ਐਲਾਨ

Friday, Jun 26, 2026 - 06:01 PM (IST)

ਜੰਗ ਮਗਰੋਂ ਦੁਬਈ ਨੂੰ ਲੀਹ ''ਤੇ ਲਿਆਉਣ ਦੀਆਂ ਕੋਸ਼ਿਸ਼ਾਂ ''ਚ ਪ੍ਰਸ਼ਾਸਨ ! 2.5 ਅਰਬ ਦਿਰਹਮ ਦੇ ਪੈਕੇਜ ਦਾ ਕੀਤਾ ਐਲਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ 'ਤੇ ਕੀਤੇ ਗਏ ਹਮਲਿਆਂ ਮਗਰੋਂ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਖਾੜੀ ਦੇਸ਼ਾਂ 'ਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਅਤੇ ਅਮਰੀਕਾ ਦੇ ਸਮਰਥਨ ਵਾਲੇ ਦੇਸ਼ਾਂ 'ਤੇ ਹਮਲੇ ਕੀਤੇ, ਜਿਸ ਕਾਰਨ ਪੂਰਾ ਮਿਡਲ ਈਸਟ ਜੰਗ 'ਚ ਖਿੱਚਿਆ ਗਿਆ। ਹੁਣ ਇਹ ਜੰਗ ਤਾਂ ਖ਼ਤਮ ਹੋ ਗਈ ਹੈ, ਪਰ ਖਾੜੀ ਦੇਸ਼ਾਂ ਦੀ ਆਰਥਿਕਤਾ ਹਾਲੇ ਵੀ ਲੀਹ ਤੋਂ ਲੱਥੀ ਹੋਈ ਹੈ।

ਇਸੇ ਦੌਰਾਨ ਖਾੜੀ ਦੇ ਪ੍ਰਮੁੱਖ ਟੂਰਿਸਟ ਸਪਾਟ ਅਤੇ ਬਿਜ਼ਨੈੱਸ ਕੇਂਦਰ ਦੁਬਈ ਨੂੰ ਪਹੁੰਚੇ ਭਾਰੀ ਨੁਕਸਾਨ ਤੋਂ ਉਭਾਰਨ ਲਈ ਪ੍ਰਸ਼ਾਸਨ ਨੇ ਵੱਡੇ ਕਦਮ ਚੁੱਕੇ ਹਨ। ਦੁਬਈ ਦੇ ਉੱਚ ਅਧਿਕਾਰੀਆਂ ਅਤੇ ਬਿਜ਼ਨੈੱਸ ਲੀਡਰਾਂ ਦੀ ਇੱਕ ਉੱਚ-ਪੱਧਰੀ ਗੁਪਤ ਬੈਠਕ ਤੋਂ ਬਾਅਦ ਸਰਕਾਰ ਨੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਟੂਰਿਸਟ ਅਤੇ ਰਿਟੇਲ ਇਲਾਕਿਆਂ ਦੀ ਮਦਦ ਲਈ 2.5 ਅਰਬ ਦਿਰਹਮ (681 ਮਿਲੀਅਨ ਡਾਲਰ) ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।

ਮਾਹਿਰਾਂ ਮੁਤਾਬਕ, ਹਮਲਿਆਂ ਤੋਂ ਬਾਅਦ ਦੁਬਈ ਵਿੱਚ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਭਰੋਸਾ ਦੁਬਾਰਾ ਜਿੱਤਣ 'ਚ ਕੁਝ ਸਮਾਂ ਲੱਗੇਗਾ ਅਤੇ ਇਸ ਲਈ ਹੋਰ ਕਈ ਰਿਆਇਤਾਂ ਦੇਣੀਆਂ ਪੈ ਸਕਦੀਆਂ ਹਨ। ਵਿੱਤੀ ਮਾਹਿਰਾਂ ਨੇ ਖਾੜੀ ਖੇਤਰ ਦੀ 2026 ਦੀ ਵਿਕਾਸ ਦਰ ਦੇ ਅਨੁਮਾਨ ਨੂੰ 5 ਫ਼ੀਸਦੀ ਤੱਕ ਘਟਾ ਦਿੱਤਾ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇਸ ਖੇਤਰ ਦੀ ਆਰਥਿਕਤਾ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਦੁਬਈ ਅਤੇ ਅਬੂ ਧਾਬੀ ਵਿੱਚ ਤੇਲ ਤੋਂ ਬਿਨਾਂ ਵਿਕਾਸ ਦਰ 8 ਫ਼ੀਸਦੀ ਜਾਂ ਇਸ ਤੋਂ ਵੀ ਹੇਠਾਂ ਆ ਸਕਦੀ ਹੈ।

ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸੜਕਾਂ 'ਤੇ ਵੱਡੇ-ਵੱਡੇ ਬਿਲਬੋਰਡ ਲਗਾਏ ਗਏ ਹਨ ਜਿਨ੍ਹਾਂ 'ਤੇ "Dubai-it" ਲਿਖਿਆ ਹੈ। ਇਹ ਸਰਕਾਰ ਵੱਲੋਂ ਮੁਸ਼ਕਿਲ ਹਾਲਾਤ ਵਿੱਚ ਵੀ ਤੇਜ਼ੀ ਨਾਲ ਵੱਡੇ ਕੰਮ ਕਰਨ ਅਤੇ ਨਿਵੇਸ਼ਕਾਂ, ਵਾਲ ਸਟ੍ਰੀਟ ਤੇ ਚੀਨੀ ਬੈਂਕਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਤਰੀਕਾ ਹੈ।

ਜੰਗ ਕਾਰਨ ਰੋਕੀਆਂ ਗਈਆਂ ਫਲਾਈਟਾਂ ਤਾਂ ਮੁੜ ਸ਼ੁਰੂ ਹੋ ਗਈਆਂ ਹਨ, ਪਰ ਹੋਟਲਾਂ 'ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘਟ ਗਈ ਹੈ। ਇਸ ਤੋਂ ਇਲਾਵਾ, ਸਮੁੰਦਰੀ ਵਪਾਰ 'ਹੋਰਮੁਜ਼' ਦੇ ਖ਼ਤਰੇ ਤੋਂ ਬਚਣ ਲਈ ਹੁਣ ਦੁਬਈ ਦੀ ਬਜਾਏ ਓਮਾਨ ਅਤੇ ਸਾਊਦੀ ਅਰਬ ਦੇ ਰਸਤੇ ਵੱਲ ਟਰਾਂਸਫਰ ਹੋ ਰਿਹਾ ਹੈ।


author

Harpreet SIngh

Content Editor

Related News