ਕੈਨੇਡਾ ਤੋਂ ਅਮਰੀਕਾ ਕਰ ਰਹੇ ਸਨ ਸਮਗਲਿੰਗ, 300 ਕਰੋੜ ਤੋਂ ਵਧੇਰੇ ਦੀ ਕੋਕੀਨ ਸਣੇ ਫੜੇ ਗਏ ਦੋ ਪੰਜਾਬੀ
Sunday, Dec 01, 2024 - 08:32 PM (IST)
ਨਿਊਯਾਰਕ (ਰਾਜ ਗੋਗਨਾ) : ਇਲੀਨੋਇਸ ਸਟੇਟ ਪੁਲਸ ਨੇ ਬੀਤੇ ਦਿਨ ਆਇਓਵਾ ਸਟੇਟ ਲਾਈਨ ਦੇ ਨੇੜੇ ਇੱਕ ਸੈਮੀ-ਟ੍ਰੇਲਰ ਟਰੱਕ ਤੋਂ 40 ਮਿਲੀਅਨ ਡਾਲਰ ਤੋਂ ਵੱਧ ਦੀ ਕੋਕੀਨ ਜ਼ਬਤ ਕੀਤੀ ਹੈ। ਇਸ ਦੌਰਾਨ ਕੈਨੇਡੀਅਨ ਪੁਲਸ ਨੇ ਦੋ ਲੋਕਾਂ ਨੂੰ ਇਨ੍ਹਾਂ ਨਸ਼ੀਲੇ ਪਦਾਰਥਾਂ ਨਾਲ ਗ੍ਰਿਫਤਾਰ ਕੀਤਾ ਹੈ।
ਪੁਲਸ ਨੇ ਦੱਸਿਆ ਕਿ ਦੁਪਹਿਰ ਕਰੀਬ 2:10 ਵਜੇ, ਹੈਨਰੀ ਕਾਉਂਟੀ ਵਿੱਚ ਇੰਟਰਸਟੇਟ 80 'ਤੇ ਇੱਕ ਵੋਲਵੋ ਸੈਮੀ-ਟ੍ਰੇਲਰ 'ਤੇ ਇੱਕ ਸਿਪਾਹੀ ਨੇ ਵਾਹਨ ਦੀ ਜਾਂਚ ਕੀਤੀ। ਤਲਾਸ਼ੀ ਦੌਰਾਨ ਦੌਰਾਨ, ਜਵਾਨ ਨੇ 'ਅਪਰਾਧਿਕ ਗਤੀਵਿਧੀ ਦੇ ਬਹੁਤ ਸਾਰੇ ਸੰਕੇਤ' ਦੇਖੇ ਅਤੇ ਟਰੱਕ ਦੀ ਤਲਾਸ਼ੀ ਲੈਣ 'ਤੇ 1,146 ਪੌਂਡ ਕੋਕੀਨ ਦਾ ਖੁਲਾਸਾ ਹੋਇਆ, ਜਿਸਦੀ ਕੀਮਤ 40 ਮਿਲੀਅਨ ਡਾਲਰ ਤੋਂ ਵੱਧ ਹੈ।
ਇਸ ਦੌਰਾਨ ਪੁਲਸ ਨੇ 27 ਸਾਲਾ ਵੰਸ਼ਪ੍ਰੀਤ ਸਿੰਘ ਅਤੇ 36 ਸਾਲਾ ਮਨਪ੍ਰੀਤ ਸਿੰਘ ਦੋਵਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ 'ਤੇ ਕੋਕੀਨ ਰੱਖਣ, ਕੈਨੇਡਾ ਦੇ ਓਨਟਾਰੀਓ ਤੋਂ ਅਮਰੀਕਾ ਕੋਕੀਨ ਪਹੁੰਚਾਉਣ ਤੇ ਕੋਕੀਨ ਦੀ ਤਸਕਰੀ ਦੇ ਸੰਗੀਨ ਦੋਸ਼ ਲਗਾਏ ਗਏ ਹਨ। ਇਲੀਨੋਇਸ ਸਟੇਟ ਪੁਲਸ ਦੇ ਡਾਇਰੈਕਟਰ ਬ੍ਰੈਂਡਨ ਕੈਲੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਸਕਰੀ 'ਤੇ ਆਈਐੱਸਪੀ ਦਾ ਤਾਲਮੇਲ ਫੋਕਸ ਖਤਰਨਾਕ ਨਸ਼ਿਆਂ ਨੂੰ ਸਾਡੇ ਭਾਈਚਾਰਿਆਂ ਤੋਂ ਬਾਹਰ ਰੱਖਣ 'ਚ ਮਦਦ ਕਰ ਰਿਹਾ ਹੈ। ਵੰਸ਼ਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਹੈਨਰੀ ਕਾਉਂਟੀ ਜੇਲ੍ਹ ਵਿੱਚ ਉਨ੍ਹਾਂ ਦੀ ਪਹਿਲੀ ਅਦਾਲਤ ਵਿੱਚ ਪੇਸ਼ੀ ਦੀ ਉਡੀਕ ਵਿੱਚ ਰੱਖਿਆ ਗਿਆ ਹੈ।