ਅਮੈਰਿਕਨ ਅਜ਼ਾਦੀ ਦਿਹਾੜੇ ’ਤੇ ਕੱਢੀ ਨੈਸ਼ਨਲ ਪਰੇਡ ’ਚ ਸਿੱਖਸ ਆਫ ਅਮੈਰਿਕਾ ਦੇ ਦੋ ਫ਼ਲੋਟ ਸ਼ਾਮਿਲ (ਤਸਵੀਰਾਂ)
Saturday, Jul 05, 2025 - 10:41 AM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮੈਰਿਕਾ ਵਿੱਚ ਵਸਦੇ ਸਮੂਹ ਭਾਈਚਾਰਿਆਂ ਲਈ 4 ਜੁਲਾਈ ਅਜ਼ਾਦੀ ਦਾ ਦਿਨ ਬਹੁਤ ਹੀ ਖੁਸ਼ੀਆਂ ਤੇ ਉਤਸ਼ਾਹ ਵਾਲਾ ਹੁੰਦਾ ਹੈ। ਅਤੇ ਇਸ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਰਾਸ਼ਟਰੀ ਪੱਧਰ ਦੀ ਇਕ ਅਜ਼ਾਦੀ ਦੀ ਨੈਸ਼ਨਲ ਪਰੇਡ ਕੱਢੀ ਜਾਂਦੀ ਹੈ। ਕਿਸੇ ਵੀ ਭਾਈਚਾਰੇ ਨੂੰ ਇਸ ਪਰੇਡ ਵਿਚ ਆਪਣਾ ਫਲੋਟ ਸ਼ਾਮਿਲ ਕਰਨ ਦੀ ਪ੍ਰਵਾਨਗੀ ਮਿਲਣਾ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ। ਸਿੱਖਸ ਆਫ਼ ਅਮੈਰਿਕਾ ਵਲੋਂ ਪਿਛਲੇ 11 ਸਾਲਾਂ ਤੋਂ ਆਪਣਾ ਇਕ ਫ਼ਲੋਟ ਇਸ ਪਰੇਡ ਵਿੱਚ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ। ਇਸ ਸਾਲ ਵੀ ਚੇਅਰਮੈਨ ਜਸਦੀਪ ਸਿੰਘ ਜੱਸੀ’ ਦੀ ਅਗਵਾਈ ਵਿਚ ਸਿੱਖਸ ਆਫ਼ ਅਮੈਰਿਕਾ ਨੂੰ ਅਜ਼ਾਦੀ ਦੀ ਰਾਸ਼ਟਰੀ ਪਰੇਡ ਵਿਚ ਇਕ ਨਹੀਂ ਦੋ ਸਿੱਖ ਫ਼ਲੋਟ ਸ਼ਾਮਿਲ ਕਰਨ ਦੀ ਪ੍ਰਵਾਨਗੀ ਮਿਲੀ ਤੇ ਸਿੱਖਸ ਆਫ਼ ਅਮੈਰਿਕਾ ਨੇ ਇਸ ਪਰੇਡ ਵਿਚ ਦੋ ਸਿੱਖ ਫ਼ਲੋਟ ਸ਼ਾਮਿਲ ਕਰ ਕੇ ਸਭ ਭਾਈਚਾਰਿਆਂ ਦਾ ਦਿਲ ਜਿੱਤ ਲਿਆ।
ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਫ਼ਲੋਟ ਨੂੰ ਐੱਲ.ਈ.ਡੀ. ਸਕਰੀਨ ਨਾਲ ਸਜਾਇਆ ਗਿਆ ਸੀ ਜਿਸ ਵਿੱਚ ਸਿੱਖ ਧਰਮ ਦੇ ਪੁਰਾਤਨ ਅਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ। ਪਹਿਲੀ ਵਾਰ ਸ਼ਾਮਿਲ ਕੀਤੇ ਗਿਆ ਦੂਜਾ ਫਲੋਟ ਪੰਜਾਬ ਦੇ ਲੋਕ ਨਾਚ ਭੰਗੜਾ ਨੂੰ ਸਮਰਪਿਤ ਕੀਤਾ ਗਿਆ ਜੋ ਕਿ ਲੋਕਾਂ ਲਈ ਬਹੁਤ ਹੀ ਜ਼ਿਆਦਾ ਹੀ ਖਿੱਚ ਦਾ ਕੇਂਦਰ ਬਣਿਆ ਅਤੇ ਸਭ ਭਾਈਚਾਰਿਆਂ ਨੇ ਪੰਜਾਬ ਦੇ ਲੋਕ ਨਾਚ ਭੰਗੜਾ ਦਾ ਅਨੰਦ ਮਾਣਿਆ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖਸ ਆਫ਼ ਅਮੈਰਿਕਾ ਦਾ ਮੁੱਖ ਮਕਸਦ ਦੂਜੇ ਭਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ ’ਚ ਫੌਜ, ਪੁਲਸ, ਅਕਾਦਮਿਕ, ਆਰਥਿਕ ਖ਼ੇਤਰ, ਬਿਜਨਸ ਅਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੂਬੇ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, 24 ਮੌਤਾਂ; 20 ਤੋਂ ਵੱਧ ਬੱਚੇ ਲਾਪਤਾ (ਤਸਵੀਰਾਂ)
ਅਮੈਰਿਕਾ ’ਚ ਸਿੱਖਾਂ ਵਲੋਂ ਕੀਤੀਆਂ ਗਈਆਂ ਵਿਲੱਖਣ ਪ੍ਰਾਪਤੀਆਂ ਨੂੰ ਐੱਲ.ਈ.ਡੀ. 'ਤੇ ਲਗਾਤਾਰ ਦਰਸਾਇਆ ਜਾ ਰਿਹਾ ਸੀ। ਇਕ ਅੰਦਾਜ਼ੇ ਮੁਤਾਬਿਕ ਸੜਕ ਦੇ ਦੋਵੇਂ ਪਾਸੇ ਬੈਠੇ ਇਕ ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਫ਼ਲੋਟ ਨੂੰ ਦੇਖਿਆ ਤੇ ਹੋਰ ਲੱਖਾਂ ਲੋਕਾਂ ਨੇ ਨੈਸ਼ਨਲ ਟੀ.ਵੀ. ਰਾਹੀਂ ਇਸ ਦੀਆਂ ਗਤੀਵਿਧੀਆਂ ਨੂੰ ਵਾਚਿਆ। ਸਿੱਖ ਫ਼ਲੋਟ ਦੇ ਨਾਲ ਲਾਲ ਪੱਗਾਂ, ਚਿੱਟੀਆਂ ਕਮੀਜ਼ਾਂ, ਨੀਲੀਆਂ ਪੈਂਟਾਂ ਤੇ ਅਮੈਰਿਕਨ ਫ਼ਲੈਗ ਤੇ ਸਿੱਖਸ ਆਫ ਅਮੈਰਿਕਾ ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਪਹਿਨੇ ਮਰਦ ਅਤੇ ਅਮੈਰਿਕਨ ਝੰਡੇ ਦੇ ਸਕਾਰਫ਼ ਅਤੇ ਚਿੱਟੇ ਕੱਪੜੇ ਪਹਿਨੀ ਔਰਤਾਂ ਫ਼ਲੋਟ ਦੀ ਸ਼ਾਨ ਨੂੰ ਵਧਾ ਰਹੇ ਸਨ। ਸਿੱਖ ਫ਼ਲੋਟ ਵਿਚ ਸਿੱਖਸ ਆਫ ਅਮਰਿਕਾ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਮੀਤ ਪ੍ਰਧਾਨ, ਦਿਲਵੀਰ ਸਿੰਘ, ਵਰਿੰਦਰ ਸਿੰਘ, ਸੁਖਪਾਲ ਧਨੋਆ, ਕੁਲਵਿੰਦਰ ਸਿੰਘ ਫਲੋਰਾ, ਚਤਰ ਸਿੰਘ ਸੈਣੀ, ਮਨਿੰਦਰ ਸੇਠੀ, ਇੰਦਰਜੀਤ ਗੁਜਰਾਲ, ਜਸਵਿੰਦਰ ਸਿੰਘ ਜੌਨੀ, ਗੁਰਚਰਨ ਸਿੰਘ, ਪ੍ਰਭਜੋਤ ਬਤਰਾ, ਹਰਬੀਰ ਬਤਰਾ, ਮਹਿੰਦਰ ਸਿੰਘ ਭੋਗਲ, ਗੁਰਦੀਪ ਸਿੰਘ, ਸਰਮੁੱਖ ਸਿੰਘ ਮਾਣਕੂ, ਕਰਨ ਸਿੰਘ, ਕਰਮਜੀਤ ਸਿੰਘ, ਜੋਗਿੰਦਰ ਸਮਰਾ, ਡਾ. ਦਰਸ਼ਨ ਸਿੰਘ ਸਲੂਜਾ, ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਗੁਰਪ੍ਰੀਤ ਸਿੰਘ ਸੰਨੀ, ਸੁਰਜੀਤ ਸਿੰਘ ਗੋਲਡੀ, ਜਸਵੰਤ ਸਿੰਘ ਧਾਲੀਵਾਲ, ਰਤਨ ਸਿੰਘ ਅਤੇ ਡੰਡਾਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਜੋਗਿੰਦਰ ਸਿੰਘ ਸਮਰਾ ਅਤੇ ਨਿਰਮਲ ਸਿੰਘ ਵੀ ਨਾਲ ਮੋਜੂਦ ਸਨ। ਇਸ ਪਰੇਡ ਵਿੱਚ ਸ਼ਾਮਿਲ ਲੋਕਾਂ ਵਿਚ ਦੋਵੇਂ ਸਿੱਖ ਫ਼ਲੋਟ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਹਰ ਭਾਈਚਾਰੇ ਵਿਚ ਸਿੱਖਸ ਆਫ ਅਮੈਰਿਕਾ ਦੇ ਦੋਵਾਂ ਸਿੱਖ ਫਲੋਟਾਂ ਦੀ ਖੂਬ ਚਰਚਾ ਹੁੰਦੀ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।