ਟਰੰਪ ਦਾ ਟਵਿੱਟਰ ਅਕਾਊਂਟ ਨਹੀਂ ਹੋਵੇਗਾ ਬੰਦ, ਸੋਸ਼ਲ ਸਾਈਟ ਨੇ ਕਮਲਾ ਹੈਰਿਸ ਨੂੰ ਦਿੱਤਾ ਜਵਾਬ

10/17/2019 2:10:34 PM

ਵਾਸ਼ਿੰਗਟਨ— ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰਨ ਤੋਂ ਮਨਾ ਕਰ ਦਿੱਤਾ ਹੈ। ਟਵਿੱਟਰ ਨੇ ਕੈਲੀਫੋਰਨੀਆ ਦੇ ਸੈਨੇਟਰ ਤੇ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਬੰਦ ਨਹੀਂ ਕਰੇਗਾ।

ਹੈਰਿਸ ਦੀ ਰਾਸ਼ਟਰਪਤੀ ਮੁਹਿੰਮ ਨੂੰ ਭੇਜੇ ਇਕ ਪੱਤਰ 'ਚ ਟਵਿੱਟਰ ਨੇ ਹੈਰਿਸ ਦੀ ਅਪੀਲ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਗੱਲਬਾਤ ਨੂੰ ਸਾਹਮਣੇ ਲਿਆਉਣ ਵਾਲੇ ਵ੍ਹਿਸਲਬਲੋਅਰ ਤੇ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨ ਲਈ ਟਵਿੱਟਰ ਦੀ ਵਰਤੋਂ ਕੀਤੀ ਸੀ। ਇਸ ਕਾਰਨ ਕਮਲਾ ਹੈਰਿਸ ਨੇ ਟਵਿੱਟਰ ਨੂੰ ਟਰੰਪ ਦੇ ਅਕਾਊਂਟ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ।

ਹਿੰਸਕ ਵਿਵਹਾਰ ਲਈ ਟਰੰਪ ਨੂੰ ਜ਼ਿੰਮੇਦਾਰ ਨਹੀਂ ਮੰਨਦਾ ਟਵਿੱਟਰ
ਹੈਰਿਸ ਦੀ ਮੁਹਿੰਮ ਨੇ ਬੁੱਧਵਾਰ ਨੂੰ ਸੀ.ਐੱਨ.ਐੱਨ. ਨੂੰ ਦੱਸਿਆ ਕਿ ਟਵਿੱਟਰ ਲੋਕਾਂ ਨੂੰ ਧਮਕਾਉਣ ਤੇ ਹਿੰਸਕ ਵਿਵਹਾਰ ਲਈ ਉਕਸਾਉਣ ਲਈ ਡੋਨਾਲਡ ਟਰੰਪ ਨੂੰ ਜ਼ਿੰਮੇਦਾਰ ਨਹੀਂ ਮੰਨ ਰਿਹਾ। ਟਵਿੱਟਰ ਨੇ ਕਿਹਾ ਕਿ ਅਸੀਂ ਆਪਣੇ ਫੈਸਲੇ ਹਾਂ ਜਾਂ ਨਾ 'ਚ ਲੈਣ 'ਚ ਸਮਰੱਥ ਹੈ ਪਰ ਇਹ ਇੰਨਾਂ ਆਸਾਨ ਨਹੀਂ ਹੈ। ਅਸੀਂ ਆਪਣੇ ਪੱਤਰ 'ਚ ਤੁਹਾਡੇ ਵਲੋਂ ਜ਼ਿਕਰ ਕੀਤੇ ਗਏ ਟਵੀਟਾਂ ਦੀ ਸਮੀਖਿਆ ਕੀਤੀ ਤੇ ਉਹ ਅਪਮਾਨਜਨਕ ਵਿਵਹਾਰ, ਟਾਰਗੇਟ ਸ਼ੋਸ਼ਣ ਜਾਂ ਹਿੰਸਾ ਨੂੰ ਲੈ ਕੇ ਸਾਡੀਆਂ ਨੀਤੀਆਂ ਦਾ ਉਲੰਘਣ ਨਹੀਂ ਕਰਦੇ।

ਦਬਾਅ ਤੋਂ ਬਾਅਦ ਠੋਸ ਕਾਰਵਾਈ ਨਹੀਂ
ਟਰੰਪ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨ ਲਈ ਵਾਰ-ਵਾਰ ਟਵਿੱਟਰ ਦੀ ਵਰਤੋਂ ਕੀਤੀ ਹੈ। ਵਿਵਾਦਾਂ ਵਾਲੇ ਟਵੀਟ ਪੋਸਟ ਕਰਨ ਲਈ ਟਰੰਪ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਟਵਿੱਟਰ ਨੂੰ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਨੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ।

ਟਵਿੱਟਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਿਸ਼ਵ ਦੇ ਨੇਤਾ ਉਨ੍ਹਾਂ ਦੀਆਂ ਨੀਤੀਆਂ ਤੋਂ ਉਪਰ ਨਹੀਂ ਹਨ। ਉਸ ਨੇ ਇਨ੍ਹਾਂ ਨੇਤਾਵਾਂ ਦੇ ਖਤਰਨਾਕ ਟਵੀਟਾਂ ਨੂੰ ਰੋਕਣ ਦੀ ਗੱਲ ਕਹੀ ਸੀ ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਟਰੰਪ ਜਿਹੇ ਵਿਸ਼ਵ ਦੇ ਨੇਤਾ ਜੋ ਨਿਯਮਾਂ ਨੂੰ ਤੋੜਦੇ ਹਨ ਉਨ੍ਹਾਂ ਦੇ ਖਿਲਾਫ ਕੀ ਕਦਮ ਚੁੱਕੇਗਾ।


Baljeet Kaur

Content Editor

Related News