ਤੁਰਕੀ ਦੀ ਸੀਰੀਆ 'ਚ ਸਥਾਈ ਜੰਗਬੰਦੀ 'ਤੇ ਸਹਿਮਤੀ, ਅਮਰੀਕਾ ਨੇ ਹਟਾਈਆਂ ਪਾਬੰਦੀਆਂ

10/24/2019 3:18:50 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ 'ਤੇ ਲਾਈਆਂ ਪਾਬੰਦੀਆਂ ਹਟਾਉਣ ਦਾ ਬੁੱਧਵਾਰ ਨੂੰ ਐਲਾਨ ਕਰਦੇ ਹੋਏ ਆਖਿਆ ਕਿ ਅੰਕਾਰਾ ਨੇ ਵਾਸ਼ਿੰਗਟਨ ਨੂੰ ਸੂਚਿਤ ਕੀਤਾ ਹੈ ਕਿ ਸੀਰੀਆ 'ਚ ਜੰਗਬੰਦੀ ਨੂੰ ਸਥਾਈ ਕੀਤਾ ਜਾਵੇਗਾ। ਟਰੰਪ ਨੇ ਇਥੇ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਅੱਜ ਸਵੇਰੇ, ਤੁਰਕੀ ਦੀ ਸਰਕਾਰ ਨੇ ਮੇਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਉਹ ਸੀਰੀਆ 'ਚ ਜੰਗ ਅਤੇ ਆਪਣੇ ਹਮਲਿਆਂ ਨੂੰ ਰੋਕਣਗੇ ਅਤੇ ਜੰਗਬੰਦੀ ਨੂੰ ਸਥਾਈ ਕਰਨਗੇ ਅਤੇ ਇਹ ਅਸਲ 'ਚ ਸਥਾਈ ਹੋਵੇਗਾ।

ਉਨ੍ਹਾਂ ਆਖਿਆ ਕਿ ਇਸ ਲਈ ਮੈਂ ਵਿੱਤ ਮੰਤਰੀ ਨੂੰ ਨਿਰਦੇਸ਼ ਦਿੱਤਾ ਕਿ ਉਹ 14 ਅਕਤੂਬਰ ਨੂੰ ਲਾਈਆਂ ਗਈਆਂ ਸਾਰਿਆਂ ਪਾਬੰਦੀਆਂ ਨੂੰ ਖਤਮ ਕਰ ਦੇਣ। ਇਸ ਲਈ ਪਾਬੰਦੀਆਂ ਨੂੰ ਉਦੋਂ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਜਦ ਤੱਕ ਕਿ ਕੁਝ ਅਜਿਹਾ ਨਾ ਹੋ ਜਾਵੇ ਕਿ ਸਥਿਤੀ ਅਨੁਕੂਲ ਨਾ ਰਹੇ। ਟਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਵਿੱਤ ਵਿਭਾਗ ਦੇ ਡਿਪਾਰਟਮੈਂਟ ਆਫ ਫਾਰੇਨ ਅਸੈਟਸ ਕੰਟਰੋਲ ਨੇ ਇਕ ਬਿਆਨ 'ਚ ਆਖਿਆ ਕਿ ਉਸ ਨੇ ਆਪਣੀ ਪ੍ਰਤੀਬੰਧ ਲਿਸਟ 'ਚੋਂ ਤੁਰਕੀ ਦੇ ਗ੍ਰਹਿ, ਰੱਖਿਆ ਅਤੇ ਊਰਜਾ ਮੰਤਰੀਆਂ ਨੂੰ ਹਟਾ ਦਿੱਤਾ ਹੈ। ਟਰੰਪ ਨੇ ਫੌਜੀ ਕਾਰਵਾਈ ਤੋਂ ਬਾਅਦ ਤੁਰਕੀ ਖਿਲਾਫ ਪਾਬੰਦੀਆਂ ਨੂੰ ਖਤਮ ਕਰਨ ਵਾਲੇ ਇਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ। ਤੁਰਕੀ ਵੱਲੋਂ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਅਤੇ ਅਮਰੀਕੀ ਸਹਿਯੋਗੀ ਕੁਰਦ ਮਿਲਿਸ਼ੀਆ ਖਿਲਾਫ ਸੀਰੀਆ ਦੇ ਉੱਤਰੀ ਹਿੱਸੇ 'ਚ 'ਪੀਸ ਸਪ੍ਰਿੰਗ' ਦੇ ਨਾਂ ਨਾਲ ਅਭਿਆਨ ਸ਼ੁਰੂ ਕਰਨ ਤੋਂ ਬਾਅਦ ਅਮਰੀਕਾ ਨੇ ਉਸ 'ਤੇ ਪਾਬੰਦੀਆਂ ਲਾਈਆਂ ਸਨ।

ਤੁਰਕੀ ਕੁਰਦ ਮਿਲਿਸ਼ੀਆ ਨੂੰ ਅੱਤਵਾਦੀ ਸੰਗਠਨ ਮੰਨਦਾ ਹੈ। ਪਾਬੰਦੀਆਂ 'ਚ ਕਈ ਤੁਰਕੀ ਸੰਸਥਾਨਾਂ ਅਤੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ 'ਚ ਰੱਖਿਆ ਮੰਤਰਾਲੇ ਅਤੇ ਇਸ ਦੇ ਪ੍ਰਮੁੱਖ ਹੁਲਸੀ ਅਕਾਰ, ਊਰਜਾ ਮੰਤਰਾਲੇ ਅਤੇ ਇਸ ਦੇ ਪ੍ਰਮੁੱਖ ਫਤਿਹ ਡੋਨਮੇਜ਼ ਅਤੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਸ਼ਾਮਲ ਹਨ। ਤੁਰਕੀ ਅਤੇ ਅਮਰੀਕਾ ਨੇ 17 ਅਕਤੂਬਰ ਨੂੰ ਸਰਹੱਦੀ ਖੇਤਰ ਤੋਂ ਕੁਰਦ ਪੀਪਲਜ਼ ਪ੍ਰੋਟੈਕਸ਼ਨ ਯੂਨੀਟਸ (ਵਾਈ. ਪੀ. ਜੀ.) ਨੂੰ ਵਾਪਸ ਲੈਣ ਦੀ ਇਜਾਜ਼ਤ ਦੇਣ ਲਈ ਉੱਤਰ-ਪੂਰਬੀ ਸੀਰੀਆ 'ਚ 5 ਦਿਨਾਂ ਜੰਗ ਬੰਦੀ ਲਈ ਇਕ ਸਮਝੌਤਾ ਕੀਤਾ ਸੀ। ਜਿਵੇਂ ਹੀ 5 ਦਿਨਾਂ ਜੰਗਬੰਦੀ ਖਤਮ ਹੋਈ, ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਇਪ ਐਦਰੋਗਨ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕੁਰਦ ਬਲਾਂ ਨੂੰ ਵਾਪਸ ਭੇਜਣ ਅਤੇ ਉੱਤਰ-ਪੂਰਬ ਸੀਰੀਆ 'ਚ ਤੁਰਕੀ ਦੀ ਸਰਹੱਦ 'ਤੇ ਇਕ ਸੁਰੱਖਿਅਤ ਖੇਤਰ 'ਚ ਸੰਯੁਕਤ ਗਸ਼ਤ ਦਲ ਸਥਾਪਿਤ ਕਰਨ ਲਈ ਮੰਗਲਵਾਰ ਦੇਰ ਰਾਤ ਇਕ ਸਮਝੌਤਾ ਕੀਤਾ ਸੀ।


Khushdeep Jassi

Content Editor

Related News