ਲਾਈਨ-1 ਸਬਵੇਅ ਦੀ ਭੀੜ ''ਤੇ ਕੰਟਰੋਲ ਕਰਨ ਲਈ ਇਕ ਹੋਰ ਟਰੇਨ ਨੂੰ ਮਿਲ ਸਕਦੀ ਹੈ ਮਨਜ਼ੂਰੀ

Tuesday, May 08, 2018 - 11:38 PM (IST)

ਟੋਰਾਂਟੋ— ਲਾਈਨ-1 ਸਬਵੇਅ 'ਤੇ ਇਤਿਹਾਸਕ ਭੀੜ ਦੇ ਮਸਲੇ ਨੂੰ ਹੱਲ ਕਰਨ ਲਈ ਟੀਟੀਸੀ ਬੋਰਡ ਦੀ ਮਹੀਨੇਵਾਰ ਮੀਟਿੰਗ 'ਚ ਚਰਚਾ ਹੋ ਸਕਦੀ ਹੈ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਸਬਵੇਅ 'ਤੇ ਨਵੀਂ ਟਰੇਨ ਜੋੜੀ ਜਾਵੇ। ਫਰਵਰੀ ਮਹੀਨੇ ਹਾਈ-ਪ੍ਰੋਫਾਇਲ ਸਰਵਿਸ ਰੁਕਾਵਟਾਂ ਦੇ ਮੱਦੇਨਜ਼ਰ ਮੇਅਰ ਜੌਨ ਟੋਰੀ ਨੇ ਟ੍ਰਾਂਜ਼ਿਟ ਸਿਸਟਮ 'ਚ ਸੁਧਾਰ ਲਈ ਦੱਸ-ਬਿੰਦੂ ਯੋਜਨਾ ਪੇਸ਼ ਕੀਤੀ ਸੀ।
ਟੀਟੀਸੀ ਨੇ ਭੀੜ ਨੂੰ ਖਤਮ ਕਰਨ ਲਈ ਦੋ ਰੇਲ ਗੱਡੀਆਂ ਨੂੰ ਤੁਰੰਤ ਲਾਈਨ-1 ਸਬਵੇਅ 'ਤੇ ਜੋੜਿਆ ਗਿਆ ਤੇ ਇਸ ਦੇ ਨਾਲ ਹੀ ਬਲੂਰ-ਯੰਗ ਸਟੇਸ਼ਨ ਤੇ ਸੈਂਟ ਜੋਰਜ ਸਟੇਸ਼ਨ 'ਤੇ ਹੋਰ ਕਰਮਚਾਰੀਆਂ ਦੀ ਭਰਤੀ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਭੀੜ ਨੂੰ ਮੈਨੇਜ ਕੀਤਾ ਜਾ ਸਕੇ। ਦੋਵਾਂ ਸਟੇਸ਼ਨਾਂ 'ਤੇ ਭੀੜ ਕੰਟਰੋਲ ਕਰਨ ਲਈ ਬੱਸ ਸੇਵਾ 'ਚ ਸੁਧਾਰ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਇਸ ਸਬੰਧ 'ਚ ਕੁਝ ਪਹਿਲਕਦਮੀਆਂ ਨੂੰ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ ਤੇ ਕੁਝ 'ਤੇ ਚਰਚਾ ਕੀਤੀ ਜਾ ਰਹੀ ਹੈ।
ਅੱਜ ਦੀ ਮੀਟਿੰਗ 'ਚ ਟੀਟੀਸੀ ਬੋਰਡ ਉਸ ਰਿਪੋਰਟ 'ਤੇ ਗੌਰ ਕਰੇਗਾ, ਜਿਸ ਨੂੰ ਟੌਰੀ ਵਲੋਂ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਰਿਪੋਰਟ 'ਚ ਲਾਈਨ-1 'ਤੇ ਭੀੜ ਵਾਲੇ ਸਮੇਂ 'ਚ ਤੀਜੀ ਰੇਲ ਚਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਾਧੂ ਟਰੇਨ ਦੀ ਇਕ ਘੰਟੇ ਦੀ ਸਮਰੱਥਾ 3,300 ਤੋਂ 3,600 ਯਾਤਰੀ ਹੈ, ਜਦਕਿ ਬੱਸ 'ਚ ਪ੍ਰਤੀ ਘੰਟੀ ਸਿਰਫ 1,000 ਤੋਂ 1,200 ਯਾਤਰੀ ਸਫਰ ਕਰ ਸਕਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਇਸ ਨੂੰ ਬੋਰਡ ਵਲੋਂ ਮਨਜ਼ੂਰੀ ਮਿਲ ਗਈ ਤਾਂ ਇਹ ਟਰੇਨ ਸਤੰਬਰ ਮਹੀਨੇ ਤੱਕ ਸ਼ੁਰੂ ਹੋ ਜਾਵੇਗੀ ਤੇ ਇਸ 'ਚ ਸਾਲਾਨਾ 2.4 ਮਿਲੀਅਨ ਡਾਲਰ ਦਾ ਖਰਚਾ ਆਵੇਗਾ।


Related News