ਭਾਰਤ ਆਉਣ ਵਾਲੇ ਅਮਰੀਕੀ ਰੱਖਿਆ ਮੰਤਰੀ ਮੈਟਿਸ ਨੂੰ ਅਹੁਦੇ ਤੋਂ ਹਟਾ ਸਕਦੇ ਹਨ ਟਰੰਪ

09/19/2018 7:55:48 PM

ਵਾਸ਼ਿੰਗਟਨ — ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਉਨ੍ਹਾਂ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਜਿਸ 'ਚ ਕਿਹਾ ਗਿਆ ਸੀ ਕਿ ਮੈਟਿਸ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਆਉਣ ਵਾਲੇ ਕੁਝ ਦਿਨਾਂ 'ਚ ਅਲਵੀਦਾ ਕਹਿ ਸਕਦੇ ਹਨ। ਮੈਟਿਸ ਨੇ ਇਸ ਦਾ ਜਵਾਬ ਦਿੰਦੇ ਹੋਏ ਆਖਿਆ, 'ਮੈਂ ਅਜਿਹੀਆਂ ਗੱਲਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਂਦਾ।' ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਮੈਟਿਸ ਅਤੇ ਟਰੰਪ ਵਿਚਾਲੇ ਆਪਸੀ ਸੰਬੰਧ ਠੀਕ ਨਹੀਂ ਹਨ ਅਤੇ ਕੁਝ ਦਿਨਾਂ ਬਾਅਦ ਟਰੰਪ ਉਨ੍ਹਾਂ ਨੂੰ ਆਪਣੇ ਪ੍ਰਸ਼ਾਸਨ ਤੋਂ ਹਟਾ ਸਕਦੇ ਹਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਰਿਲੀਜ਼ ਬਾਵ ਵੁਡਵਰਡ ਦੀ ਕਿਤਾਬ ਨੇ ਵੀ ਦੋਹਾਂ ਦੇ ਸੰਬੰਧਾਂ 'ਤੇ ਚਾਨਣਾ ਪਾਇਆ ਸੀ। ਮੈਟਿਸ, ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਪਿਛਲੇ ਦਿਨੀਂ 2+2 ਗੱਲਬਾਤ 'ਚ ਹਿੱਸਾ ਲੈਣ ਲਈ ਭਾਰਤ ਆਏ ਸਨ।

ਅਮਰੀਕੀ ਰੱਖਿਆ ਵਿਭਾਗ ਪੈਂਟਾਗਨ 'ਚ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਮੈਟਿਸ ਨੇ ਆਖਿਆ, 'ਮੈਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਅਫਵਾਹਾਂ ਵੀ ਸ਼ਹਿਰ 'ਚ ਹੋਣ ਵਾਲੀਆਂ ਬਾਕੀਆਂ ਘਟਨਾਵਾਂ ਦੇ ਵਾਂਗ ਹੀ ਹਨ। ਮੈਂ ਜਲਦ ਮਰ ਜਾਵਾਂਗਾ ਅਤੇ ਲੋਕਾਂ ਨੂੰ ਨਵੀਂ ਅਫਵਾਹ ਨਾਲ ਹੈੱਡਲਾਈਨ ਬਣਾਉਣ ਦਾ ਮੌਕਾ ਮਿਲ ਜਾਵੇਗਾ। ਨਵੰਬਰ ਮਹੀਨੇ ਅਮਰੀਕਾ 'ਚ ਮਿੱਡ ਟਰਮ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਟਰੰਪ ਵ੍ਹਾਈਟ ਹਾਊਸ 'ਚ ਆਪਣੇ 2 ਸਾਲ ਪੂਰੇ ਕਰਨ ਵਾਲੇ ਹਨ। ਇਸ ਵਿਚਾਲੇ ਅਜਿਹੀਆਂ ਅਫਵਾਹਾਂ ਆ ਰਹੀਆਂ ਹਨ ਕਿ ਉਹ ਚੋਣਾਂ ਤੋਂ ਪਹਿਲਾਂ ਆਪਣੀ ਕੈਬਨਿਟ 'ਚ ਵੱਡਾ ਬਦਲਾਅ ਕਰਨ ਵਾਲੇ ਹਨ।

ਬਾਵ ਵੁਡਵਰਡ ਜਿਨ੍ਹਾਂ ਨੂੰ ਵਾਟਰਗੇਟ ਰਿਪੋਰਟਰ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੇ ਵੀ ਇਸ ਗੱਲ ਦਾ ਸ਼ੱਕ ਆਪਣੀ ਕਿਤਾਬ 'ਚ ਜਤਾਇਆ ਹੈ ਕਿ ਮੈਟਿਸ ਚੁਪਚਾਪ ਟਰੰਪ ਨਾਲ ਮੁਲਾਕਾਤ ਕਰ ਰਹੇ ਹਨ। ਟਰੰਪ ਨੇ ਵੀ 5 ਸਤੰਬਰ ਨੂੰ ਆਖਿਆ ਸੀ ਕਿ ਉਹ ਮੈਟਿਸ ਦੇ ਕੰਮ ਤੋਂ ਕਾਫੀ ਖੁਸ਼ ਹਨ ਅਤੇ ਉਹ ਉਨ੍ਹਾਂ ਦੇ ਪ੍ਰਸ਼ਾਸਨ ਦਾ ਹਿੱਸਾ ਰਹਿਣਗੇ ਪਰ ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਜਿਸ 'ਚ ਮੈਟਿਸ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਪੈਂਟਾਗਨ 'ਚ ਕਾਫੀ ਮਜ਼ਾ ਆ ਰਿਹਾ ਹੈ ਅਤੇ ਉਹ ਇਥੋਂ ਹੀ ਰਿਟਾਇਰ ਹੋ ਕੇ ਜਾਣਗੇ।


 


Related News