‘ਅਲਕਾਇਦਾ ਅੱਤਵਾਦੀ’ ਅਲ-ਸ਼ਰਾ ਦੀ ਵ੍ਹਾਈਟ ਹਾਊਸ ’ਚ ਮੇਜ਼ਬਾਨੀ ਕਰਨਗੇ ਟਰੰਪ
Monday, Nov 03, 2025 - 10:10 AM (IST)
ਪਾਮ ਬੀਚ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿਖੇ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਰਾ ਨਾਲ ਗੱਲਬਾਤ ਕਰਨਗੇ। ਇਹ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫਤਰ ‘ਵ੍ਹਾਈਟ ਹਾਊਸ’ ’ਚ ਕਿਸੇ ਸੀਰੀਆਈ ਰਾਸ਼ਟਰਪਤੀ ਦਾ ਪਹਿਲਾ ਦੌਰਾ ਹੋਵੇਗਾ। ਮੀਟਿੰਗ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਮੀਟਿੰਗ 10 ਨਵੰਬਰ ਨੂੰ ਹੋਣ ਦੀ ਉਮੀਦ ਹੈ।
ਟਰੰਪ ਨੇ ਮਈ ਵਿਚ ਸਾਊਦੀ ਅਰਬ ’ਚ ਅਲ-ਸ਼ਰਾ ਨਾਲ ਮੁਲਾਕਾਤ ਕੀਤੀ ਸੀ, ਜੋ ਕਿ 25 ਸਾਲਾਂ ਵਿਚ ਅਮਰੀਕਾ ਅਤੇ ਸੀਰੀਆ ਦੇ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ ਸੀ। ‘ਅਲਕਾਇਦਾ ਅੱਤਵਾਦੀ’ ਅਲ-ਸ਼ਰਾ ’ਤੇ ਕਿਸੇ ਸਮੇਂ 10 ਕਰੋੜ ਅਮਰੀਕੀ ਡਾਲਰ ਦਾ ਇਨਾਮ ਸੀ। ਅਬੂ ਮੁਹੰਮਦ ਅਲ-ਗੋਲਾਨੀ ਦੇ ਨਾਂ ਨਾਲ ਜਾਣੇ ਜਾਂਦੇ ਅਲ-ਸ਼ਰਾ ਦੇ ਅਲ-ਕਾਇਦਾ ਨਾਲ ਸਬੰਧ ਸਨ ਅਤੇ ਸੀਰੀਆ ਦੀ ਜੰਗ ਵਿਚ ਦਾਖਲ ਹੋਣ ਤੋਂ ਪਹਿਲਾਂ ਉਹ ਇਰਾਕ ਵਿਚ ਅਮਰੀਕੀ ਫੌਜਾਂ ਨਾਲ ਲੜ ਰਹੇ ਬਾਗੀਆਂ ਵਿਚ ਸ਼ਾਮਲ ਹੋ ਗਿਆ ਸੀ।
