US ਸੈਨੇਟ ''ਚ ਜਲਦੀ ਸ਼ੁਰੂ ਹੋ ਸਕਦੀ ਹੈ ਟਰੰਪ ਮਹਾਦੋਸ਼ ਮਾਮਲੇ ਦੀ ਸੁਣਵਾਈ
Wednesday, Jan 15, 2020 - 11:21 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਮਾਮਲੇ ਦੀ ਸੁਣਵਾਈ ਸੈਨੇਟ 21 ਜਨਵਰੀ ਨੂੰ ਸ਼ੁਰੂ ਕਰ ਸਕਦਾ ਹੈ। ਸੈਨੇਟ 'ਚ ਬਹੁਮਤ ਦਲ ਦੇ ਨੇਤਾ ਮਿਚ ਮੈਕਕਾਨੇਲ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੈਲੋਸੀ ਦੇ ਬੁੱਧਵਾਰ ਨੂੰ ਮਤਦਾਨ ਕਰਾਉਣ ਅਤੇ ਮਹਾਦੋਸ਼ ਦੀ ਸੁਣਵਾਈ ਦੇ ਪ੍ਰਸਤਾਵ ਨੂੰ ਸੈਨੇਟ ਕੋਲ ਭੇਜਣ ਦੀ ਗੱਲ ਆਖੀ ਸੀ ਜਿਸਦੇ ਬਾਅਦ ਮੈਕਕਾਨੇਲ ਦਾ ਇਹ ਬਿਆਨ ਆਇਆ ਹੈ। ਅਮਰੀਕਾ ਦੀ 435 ਮੈਂਬਰੀ ਪ੍ਰਤੀਨਿਧ ਸਭਾ 'ਚ ਡੈਮੋਕ੍ਰੇਟ ਪਾਰਟੀ ਕੋਲ ਬਹੁਮਤ ਹੈ।
ਮਿਚ ਮੈਕਕਾਨੇਲ ਨੇ ਪੱਤਰਕਾਰਾਂ ਨੂੰ ਕਿਹਾ,'ਸਦਨ ਕੱਲ ਸਾਨੂੰ ਮਹਾਦੋਸ਼ ਪ੍ਰਸਤਾਵ ਭੇਜ ਸਕਦਾ ਹੈ । ਇਸ ਦੇ ਬਾਅਦ ਸੈਨੇਟ ਅੱਗੇ ਦੇ ਕਦਮ ਚੁੱਕੇਗਾ, ਜਿਸ ਨਾਲ ਅਗਲੇ ਮੰਗਲਵਾਰ ਨੂੰ ਅਸਲੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।'' ਇਸ ਤੋਂ ਪਹਿਲਾਂ ਚੀਫ ਜਸਟਿਸ ਇਸ ਹਫਤੇ ਜਿਊਰੀ ਦੇ ਮੈਂਬਰਾਂ ਦੇ ਤੌਰ 'ਤੇ ਸੈਨੇਟਰਾਂ ਨੂੰ ਸਹੁੰ ਚੁਕਾਉਣਗੇ।''
ਜ਼ਿਕਰਯੋਗ ਹੈ ਕਿ ਦਸੰਬਰ 'ਚ ਹੇਠਲੇ ਸਦਨ ਨੇ ਟਰੰਪ 'ਤੇ ਯੂਕਰੇਨ ਦੇ ਨਵੇਂ ਚੁਣੇ ਨੇਤਾ 'ਤੇ ਡੈਮੋਕ੍ਰੇਟਿਕ ਨੇਤਾ ਦੇ ਖਿਲਾਫ ਜਾਂਚ ਕਰਨ ਲਈ ਆਪਣੀ ਸੱਤਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾ ਕੇ ਮਹਾਦੋਸ਼ ਪ੍ਰਸਤਾਵ ਪਾਸ ਕੀਤਾ ਸੀ। ਟਰੰਪ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।