ਟਰੰਪ ਨੇ ਯਾਤਰਾ ਪਾਬੰਦੀ ਦੀ ਨਵੀਂ ਸੂਚੀ ਕੀਤੀ ਜਾਰੀ, ਉੱਤਰੀ ਕੋਰੀਆ, ਵੈਨਜ਼ੁਏਲਾ ਸਮੇਤ ਇਨ੍ਹਾਂ 8 ਦੇਸ਼ਾਂ ਨੂੰ ਕੀਤਾ ਸ਼ਾਮਲ

09/26/2017 11:15:59 AM

ਵਾਸ਼ਿੰਗਟਨ(ਭਾਸ਼ਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਯਾਤਰਾ ਕਰਨ ਉੱਤੇ ਰੋਕ ਲਗਾਉਣ ਵਾਲੀ ਇਕ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਉੱਤਰੀ ਕੋਰੀਆ, ਵੈਨਜ਼ੁਏਲਾ ਅਤੇ ਚਾਡ ਸਮੇਤ 8 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਉੱਤੇ ਯਾਤਰਾ ਪਾਬੰਦੀ ਲਗਾਉਣ ਲਈ ਖ਼ਰਾਬ ਸੁਰੱਖਿਆ ਜਾਂਚ ਅਤੇ ਅਮਰੀਕੀ ਅਧਿਕਾਰੀਆਂ ਨਾਲ ਸਹੀ ਸਹਿਯੋਗ ਨਾ ਕਰਨ ਦਾ ਹਵਾਲਾ ਦਿੱਤਾ ਗਿਆ ਹੈ । ਟਰੰਪ ਨੇ ਐਤਵਾਰ ਨੂੰ ਨਵੀਂ ਪਾਬੰਦੀ ਸੂਚੀ ਜਾਰੀ ਕੀਤੀ ਜੋ ਖਤਮ ਹੋ ਰਹੇ ਪਹਿਲਾਂ ਦੇ ਹੁਕਮ ਦਾ ਸਥਾਨ ਲਏਗੀ। ਯਾਤਰਾ ਪਾਬੰਦੀ ਦੇ ਪਹਿਲੇ ਹੁਕਮ ਨੇ ਉਨ੍ਹਾਂ ਨੂੰ ਰਾਜਨੀਤਕ ਅਤੇ ਕਾਨੂੰਨੀ ਪਚੜੇ ਵਿਚ ਫਸਾ ਦਿੱਤਾ ਸੀ । ਇਹ ਨਵਾਂ ਨਿਯਮ 18 ਅਕਤੂਬਰ ਤੋਂ ਪ੍ਰਭਾਵੀ ਹੋਵੇਗਾ। ਆਲੋਚਕਾਂ ਨੇ ਇਲਜ਼ਾਮ ਲਗਾਇਆ ਸੀ ਕਿ ਜਨਵਰੀ ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਹੀ ਟਰੰਪ ਦੇਸ਼ ਵਿਚ ਮੁਸਲਮਾਨਾਂ ਦੇ ਪ੍ਰਵੇਸ਼ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿਚ ਹਨ । ਟਰੰਪ ਨੇ ਇਕ ਟਵੀਟ ਕੀਤਾ ਕਿ ਅਮਰੀਕਾ ਨੂੰ ਸੁਰੱਖਿਅਤ ਬਣਾਉਣਾ ਉਨ੍ਹਾਂ ਦੀ ਪਹਿਲ ਹੈ । ''ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿਚ ਪ੍ਰਵੇਸ਼ ਨਹੀਂ ਕਰਨ ਦਵਾਂਗੇ ਜਿਨ੍ਹਾਂ ਦੀ ਅਸੀਂ ਠੀਕ ਤਰੀਕੇ ਨਾਲ ਸੁਰੱਖਿਆ ਜਾਂਚ ਨਹੀਂ ਕਰ ਸਕਦੇ ਹਾਂ ।'' ਸੂਡਾਨ ਮੁਸਲਮਾਨ ਬਹੁਲ ਉਨ੍ਹਾਂ 6 ਦੇਸ਼ਾਂ ਵਿਚੋਂ ਇਕ ਸੀ ਜਿਸ ਉੱਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ । ਹਾਲਾਂਕਿ ਹੁਣ ਨਵੀਂ ਸੂਚੀ ਵਿਚ ਸੂਡਾਨ ਦਾ ਨਾਮ ਹਟਾ ਲਿਆ ਗਿਆ ਹੈ । 
ਅਮਰੀਕਾ ਦੀ ਯਾਤਰਾ ਕਰਨ 'ਤੇ ਲੱਗੀ ਨਵੀਂ ਪਾਬੰਦੀ ਵਾਲੀ ਸੂਚੀ ਵਿਚ ਹੁਣ 8 ਦੇਸ਼ ਹਨ ਜਿਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਜਾਂ ਅਸ਼ੰਕ ਪਾਬੰਦੀ ਹੈ । ਉੱਤਰੀ ਕੋਰੀਆ ਅਤੇ ਚਾਡ ਦੇ ਨਾਗਰਿਕਾਂ ਉੱਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ ਜਦੋਂ ਕਿ ਵੈਨਜ਼ੁਏਲਾ ਦੇ ਸਰਕਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਹੀ ਯਾਤਰਾ ਪਾਬੰਦੀ ਲਗਾਈ ਗਈ ਹੈ । ਹੋਰ ਦੇਸ਼ਾਂ ਵਿਚ ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਸ਼ਾਮਲ ਹਨ । ਹੁਕਮ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਨਾਗਰਿਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿਚ ਸੁਧਾਰ ਕਰਨ ਅਤੇ ਅਮਰੀਕਾ ਨਾਲ ਜਾਣਕਾਰੀ ਸਾਂਝਾ ਕਰਨ ਲਈ ਦਬਾਅ ਬਣਾਉਣ ਲਈ ਇਹ ਕਾਰਵਾਈ ਜ਼ਰੂਰੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਸੂਚੀ ਵਿਦੇਸ਼ ਨੀਤੀ, ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਦੀ ਰੋਕਥਾਮ ਦੇ ਟੀਚਿਆਂ ਲਈ ਬਣਾਈ ਗਈ ਹੈ । ਇਕ ਸੀਨੀਅਰ ਪ੍ਰਬੰਧਕੀ ਅਧਿਕਾਰੀ ਨੇ ਦੱਸਿਆ ਕਿ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਲਈ ਅਹਿਮ ਹੈ ਅਤੇ ਸ਼ਰਤ ਆਧਾਰਿਤ ਹੈ ਨਾ ਕਿ ਸਮਾਂ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੇਸ਼ ਅਮਰੀਕਾ ਦੀ ਯਾਤਰਾ ਜਾਂਚ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਸ ਦਾ ਨਾਮ ਸੂਚੀ ਤੋਂ ਹਟਾਇਆ ਜਾ ਸਕਦਾ ਹੈ ।

 


Related News