ਟਰੰਪ ਨੇ ਕਿਮ ਨਾਲ ਵਾਰਤਾ ''ਚ ਮਨੁੱਖੀ ਅਧਿਕਾਰਾਂ ਦੀ ਗਲਤ ਵਰਤੋਂ ਦਾ ਮੁੱਦਾ ਵੀ ਚੁੱਕਿਆ
Friday, Jun 15, 2018 - 08:44 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਸ ਹਫਤੇ ਸਿੰਗਾਪੁਰ ਵਿਚ ਹੋਈ ਇਤਿਹਾਸਕ ਸ਼ਿਖਰ ਬੈਠਕ ਦੌਰਾਨ ਪਿਓਂਗਯਾਂਗ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮੁੱਦਾ ਵੀ ਚੁੱਕਿਆ। ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, 'ਜਿਵੇਂ ਕਿ ਰਾਸ਼ਟਰਪਤੀ ਨੇ ਪਹਿਲਾਂ ਹੀ ਜਨਤਕ ਰੂਪ ਨਾਲ ਕਿਹਾ ਹੈ ਕਿ ਉਨ੍ਹਾਂ ਨੇ ਉੱਤਰੀ ਕੋਰੀਆਈ ਸ਼ਾਸਨ ਦੇ ਮਨੁੱਖੀ ਅਧਿਕਾਰਾਂ ਦੀ ਗਲਤ ਵਰਤੋਂ ਦੇ ਮੁੱਦੇ ਨੂੰ ਚੁੱਕਿਆ ਹੈ।'
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਸਿੰਗਾਪੁਰ ਵਿਚ ਸੇਂਟੋਸਾ ਟਾਪੂ ਦੇ ਕੈਪੇਲਾ ਹੋਟਲ ਵਿਚ ਟਰੰਪ ਅਤੇ ਕਿਮ ਵਿਚਕਾਰ ਇਤਿਹਾਸਕ ਮੁਲਾਕਾਤ ਹੋਈ। ਦੋਵਾਂ ਦੇਸ਼ਾਂ ਵਿਚ ਹੋਈ ਸ਼ਿਖ਼ਰ ਬੈਠਕ ਵਿਚ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇਕ ਇਤਿਹਾਸਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰ ਸਮਾਪਤ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਖੁਸ਼ਹਾਲੀ ਦੀ ਵਚਨਬੱਧਤਾ ਜਤਾਈ ਹੈ। ਟਰੰਪ ਨੇ ਦੱਖਣੀ ਕੋਰੀਆ ਨਾਲ ਕੀਤੇ ਜਾਣ ਵਾਲੇ ਸੰਯੁਕਤ ਫੌਜੀ ਅਭਿਆਸ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ। ਨਾਲ ਹੀ ਟਰੰਪ ਨੇ ਉੱਤਰੀ ਕੋਰੀਆ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਦਾ ਵੀ ਭਰੋਸਾ ਦਿੱਤਾ ਹੈ।