ਅੱਜ ਤੋਂ ਅਮਰੀਕਾ ''ਚ ''ਟਰੰਪ ਯੁੱਗ'' ਸ਼ੁਰੂ, ਪਹਿਲੇ ਦਿਨ ਦਿੱਤੇ ਵੱਡੇ ਹੁਕਮ

Tuesday, Jan 21, 2025 - 09:18 AM (IST)

ਅੱਜ ਤੋਂ ਅਮਰੀਕਾ ''ਚ ''ਟਰੰਪ ਯੁੱਗ'' ਸ਼ੁਰੂ, ਪਹਿਲੇ ਦਿਨ ਦਿੱਤੇ ਵੱਡੇ ਹੁਕਮ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸਹੁੰ ਚੁੱਕ ਸਮਾਰੋਹ ਵਿਚ ਡੋਨਾਲਡ ਟਰੰਪ ਨੇ ਕੈਪੀਟਲ ਹਿੱਲ ਦੇ ਹਾਲ ਵਿਚ ਬਾਈਬਲ 'ਤੇ ਹੱਥ ਰੱਖ ਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ। ਜੇਡੀ ਵੈਨਸ ਨੇ ਟਰੰਪ ਤੋਂ ਪਹਿਲਾਂ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਕਮਲਾ ਹੈਰਿਸ ਨੂੰ ਹਰਾਇਆ ਸੀ। ਸਹੁੰ ਚੁੱਕ ਸਮਾਗਮ ਦੇ ਇਤਿਹਾਸਕ ਦ੍ਰਿਸ਼ ਵਿਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਵਜੋਂ ਜੇਡੀ ਵੈਨਸ ਦੀ ਸਹੁੰ ਦੀ ਰਸਮ ਹੋਈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਭੇਜਿਆ ਇਕ ਵਿਸ਼ੇਸ਼ ਪੱਤਰ 

ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਪੁਤਿਨ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਪੁਤਿਨ ਨੂੰ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਯੂਕ੍ਰੇਨ ਅਤੇ ਪ੍ਰਮਾਣੂ ਹਥਿਆਰਾਂ ਦੇ ਮੁੱਦੇ 'ਤੇ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹਾਂ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਟਰੰਪ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 'ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਦਾ ਖਾਸ ਰਿਸ਼ਤਾ ਹੈ। ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਗੂੜਾ ਹੋ ਜਾਵੇਗਾ। 20 ਤਰੀਕ ਸੋਮਵਾਰ ਵਾਲੇ ਦਿਨ ਦੀ ਸ਼ੁਰੂਆਤ ਚਰਚ ਵਿੱਚ ਪ੍ਰਾਰਥਨਾ ਕਰਕੇ ਕੀਤੀ ਗਈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਵਾਸ਼ਿੰਗਟਨ ਦੇ ਲਾਫੇਏਟ ਸਕੁਏਅਰ ਸਥਿਤ ਸੇਂਟ ਜੌਹਨ ਐਪੀਸਕੋਪਲ ਚਰਚ ਵਿੱਚ ਪ੍ਰਾਰਥਨਾ ਕੀਤੀ। ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਭਾਰਤ ਦੇ ਪ੍ਰਤੀਨਿਧੀ ਵਜੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਵਿਚ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਰੰਪ ਨੂੰ ਇਕ ਵਿਸ਼ੇਸ਼ ਪੱਤਰ ਭੇਜਿਆ, ਅਮਰੀਕੀ ਸਮੇਂ ਮੁਤਾਬਕ ਦੁਪਹਿਰ 12 ਵਜੇ ਸਹੁੰ ਚੁੱਕੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੇ ਸਹੁੰ ਚੁੱਕਦੇ ਹੀ ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ 'ਬਿੱਲ' ਪਾਸ

ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ

ਉਂਝ ਅਮਰੀਕਾ ਵਿੱਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੁਦਰਤੀ ਕਹਿਰ ਕਾਰਨ ਟਰੰਪ ਨੇ ਸਮਰਥਕਾਂ ਨੂੰ ਸੜਕ 'ਤੇ ਜਸ਼ਨ ਨਾ ਮਨਾਉਣ ਦੀ ਅਪੀਲ ਵੀ ਕੀਤੀ। ਕੜਾਕੇ ਦੀ ਠੰਢ ਕਾਰਨ 40 ਸਾਲਾਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਖੁੱਲ੍ਹੇ ਅਸਮਾਨ ਹੇਠ ਨਹੀਂ ਸਗੋਂ ਰੋਟੁੰਡਾ ਹਾਲ ਵਿੱਚ ਹੋਇਆ। ਇਸ ਤੋਂ ਪਹਿਲਾਂ 1985 ਵਿੱਚ ਵੀ ਇਨਡੋਰ ਸਹੁੰ ਚੁੱਕ ਸਮਾਗਮ ਹੋਇਆ ਸੀ। ਟਰੰਪ ਨੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਹੁਣ ਸ਼ੁਰੂ ਹੋ ਗਿਆ ਹੈ। ਦੁਨੀਆ 'ਚ ਅਮਰੀਕਾ ਦਾ ਸਨਮਾਨ ਫਿਰ ਵਧੇਗਾ। ਅਸੀਂ ਅਮਰੀਕਾ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਬਹਾਲ ਕਰਾਂਗੇ ਅਤੇ ਇਹ ਦੇਸ਼ ਦੁਬਾਰਾ ਮਹਾਨ ਅਤੇ ਸ਼ਕਤੀਸ਼ਾਲੀ ਬਣ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-Trump ਦੀ ਸੱਤਾ 'ਚ ਵਾਪਸੀ ਦੇ ਨਾਲ ਹੀ ਪਰਿਵਾਰ ਕਰ ਰਹੇ 'ਸਮੂਹਿਕ ਦੇਸ਼ ਨਿਕਾਲੇ' ਦੀ ਤਿਆਰੀ

ਡੋਨਾਲਡ ਟਰੰਪ ਦੇ ਵੱਡੇ ਐਲਾਨ 

ਡੋਨਾਲਡ ਟਰੰਪ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਮੈਕਸੀਕੋ ਸਰਹੱਦ 'ਤੇ ਐਮਰਜੈਂਸੀ ਲਾਗੂ ਕੀਤੀ ਜਾਵੇਗੀ। ਮੈਕਸੀਕੋ ਸਰਹੱਦ 'ਤੇ ਕੰਧ ਬਣਾਈ ਜਾਵੇਗੀ ਅਤੇ ਘੁਸਪੈਠੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਕ ਹੋਰ ਵੱਡਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਤੋਂ ਅਮਰੀਕਾ ਤੇਲ ਅਤੇ ਗੈਸ ਦੀ ਬਰਾਮਦ ਵੀ ਵਧਾਏਗਾ ਅਤੇ ਇਹ ਦੇਸ਼ ਇਕ ਨਿਰਮਾਣ ਕੇਂਦਰ ਬਣ ਜਾਵੇਗਾ। ਅਸੀਂ ਦੂਜੇ ਦੇਸ਼ਾਂ 'ਤੇ ਟੈਕਸ ਅਤੇ ਟੈਰਿਫ ਵਧਾਵਾਂਗੇ। ਅਸੀਂ ਦੇਸ਼ ਵਿੱਚ ਕਾਨੂੰਨ ਵਿਵਸਥਾ ਵਿੱਚ ਸੁਧਾਰ ਕਰਾਂਗੇ। ਅਮਰੀਕਾ 'ਚ ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨਿਆ ਜਾਵੇਗਾ। ਇਜ਼ਰਾਈਲ ਅਤੇ ਫਲਸਤੀਨ ਅਤੇ ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਸੰਘਰਸ਼ 'ਤੇ ਡੋਨਾਲਡ ਟਰੰਪ ਨੇ ਕਿਹਾ, 'ਮੈਂ ਦੇਸ਼ਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਾਂਗਾ। ਸ਼ਾਂਤੀ ਸਥਾਪਿਤ ਕਰਨਾ ਮੇਰੀ ਪਹਿਲ ਹੋਵੇਗੀ। ਵਿਰੋਧੀਆਂ ਨਾਲ ਬਦਲੇ ਦੀ ਭਾਵਨਾ ਨਾਲ ਨਹੀਂ ਨਿਪਟਿਆ ਜਾਵੇਗਾ, ਮੈਂ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ। ਅਮਰੀਕਾ ਦੀ ਫੌਜ ਦੂਜੇ ਦੇਸ਼ਾਂ ਦੀਆਂ ਜੰਗਾਂ ਵਿੱਚ ਨਹੀਂ ਜਾਵੇਗੀ। ਮੈਂ ਚਾਹੁੰਦਾ ਹਾਂ ਕਿ ਦੁਨੀਆ ਮੈਨੂੰ ਸ਼ਾਂਤੀ ਬਣਾਉਣ ਵਾਲੇ ਵਜੋਂ ਜਾਣੇ। ਇਜ਼ਰਾਈਲ ਦੇ ਕੈਦੀਆਂ ਨੂੰ ਮੇਰੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਸੀ। ਅਸੀਂ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਟਰੰਪ ਨੇ ਚੀਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ, 'ਅਸੀਂ ਪਨਾਮਾ ਨਹਿਰ 'ਤੇ ਚੀਨ ਦਾ ਕਬਜ਼ਾ ਖ਼ਤਮ ਕਰ ਦੇਵਾਂਗੇ। ਅਸੀਂ ਪਨਾਮਾ ਨਹਿਰ ਨੂੰ ਪਨਾਮਾ ਦੇਸ਼ ਨੂੰ ਵਾਪਸ ਦੇ ਕੇ ਗ਼ਲਤੀ ਕੀਤੀ ਹੈ, ਪਰ ਹੁਣ ਅਸੀਂ ਪਨਾਮਾ ਨਹਿਰ ਵਾਪਸ ਲਵਾਂਗੇ। ਅਸੀਂ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਰੱਖਾਂਗੇ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News