"ਡੈਮੋਕ੍ਰੇਟਸ ਨੂੰ ਵਧਾਈਆਂ" ! ਟਰੰਪ ਨੇ 'ਬਲੂ ਵੇਵ' ਨਾਲ ਮਿਲ ਕੇ ਕੰਮ ਕਰਨ ਦੀ ਜਤਾਈ ਇੱਛਾ
Wednesday, Nov 04, 2026 - 01:08 PM (IST)
ਵਾਸ਼ਿੰਗਟਨ ਡੀ.ਸੀ. (ਏਐਨਆਈ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਮਿਡਟਰਮ ਚੋਣਾਂ ਵਿਚ ਰੀਪਬਲਿਕਨ ਦੀ ਹਾਰ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਅਮਰੀਕੀ ਕਾਂਗਰਸ ਦੇ ਦੋਵੇਂ ਚੈਂਬਰਾਂ 'ਤੇ ਕਬਜ਼ਾ ਕਰ ਲੈਣ ਵਾਲੇ ਵਿਰੋਧੀ ਪਾਰਟੀ ਦੇ ਡੈਮੋਕ੍ਰੇਟਸ (ਬਲੂ ਵੇਵ) ਨੂੰ ਮੱਧਕਾਲੀ ਜਿੱਤਾਂ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਟਰੰਪ ਨੇ ਡੈਮੋਕ੍ਰੇਟਸ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਖ਼ੁਦ ਦੇ ਚੋਣ ਮੈਦਾਨ ਵਿਚ ਨਾ ਹੋਣ ਕਾਰਨ ਰਿਪਬਲਿਕਨ ਨੂੰ ਭਾਰੀ ਨੁਕਸਾਨ ਹੋਇਆ ਹੈ।
ਸੀ.ਬੀ.ਐੱਸ. ਨਿਊਜ਼ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੇਸ਼ ਦੇ ਭਲੇ ਲਈ ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ, ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਪੂਰੀ ਵੀਟੋ ਤਾਕਤ ਹੈ।ਚੋਣ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਕਿਹਾ, "ਮੇਰਾ ਸੁਨੇਹਾ ਹੈ—ਡੈਮੋਕ੍ਰੇਟਸ ਨੂੰ ਵਧਾਈ, ਅਤੇ ਮੈਂ ਆਪਣੇ ਦੇਸ਼ ਦੇ ਭਲੇ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ"। ਉਨ੍ਹਾਂ ਕਿਹਾ ਕਿ ਉਹ ਕਈ ਡੈਮੋਕ੍ਰੇਟਸ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਪੱਖ ਮਿਲ ਕੇ ਰਸਤਾ ਕੱਢ ਲੈਣਗੇ। ਟਰੰਪ ਨੇ ਨਾਲ ਹੀ ਕਿਹਾ, "ਮੇਰੇ ਕੋਲ ਪੂਰੀ ਵੀਟੋ ਸ਼ਕਤੀ ਹੈ... ਨਹੀਂ ਤਾਂ ਮੈਂ ਹਰ ਚੀਜ਼ 'ਤੇ ਵੀਟੋ ਕਰ ਦੇਵਾਂਗਾ ਅਤੇ ਉਹ ਅਜਿਹਾ ਨਹੀਂ ਚਾਹੁਣਗੇ"। ਰਿਪਬਲਿਕਨ ਉਮੀਦਵਾਰਾਂ ਦੀ ਹਾਰ ਦਾ ਬਚਾਅ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਹ ਖੁਦ ਚੋਣ ਮੈਦਾਨ ਵਿੱਚ ਹੁੰਦੇ ਤਾਂ ਰਿਪਬਲਿਕਨ ਪਾਰਟੀ ਆਸਾਨੀ ਨਾਲ ਜਿੱਤ ਜਾਂਦੀ। ਉਨ੍ਹਾਂ ਕਿਹਾ ਕਿ ਕੁਝ ਉਮੀਦਵਾਰ ਵੋਟਰਾਂ ਵਿੱਚ ਪਸੰਦ ਨਹੀਂ ਕੀਤੇ ਗਏ ਅਤੇ ਕੁਝ ਉਨ੍ਹਾਂ ਦੇ ਦੋਸਤ ਨਹੀਂ ਸਨ, ਜਿਸ ਕਾਰਨ ਉਨ੍ਹਾਂ ਦੇ ਸਮਰਥਕ ਵੋਟ ਪਾਉਣ ਨਹੀਂ ਨਿਕਲੇ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਸਮਰਥਿਤ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਗਵਰਨਰ ਚੋਣ ਹਾਰੇ
ਡੈਮੋਕ੍ਰੇਟਿਕ ਪਾਰਟੀ ਨੇ ਰਿਪਬਲਿਕਨ ਪਾਰਟੀ ਦੇ ਮਜ਼ਬੂਤ ਗੜ੍ਹ ਮੰਨੇ ਜਾਂਦੇ ਟੈਕਸਾਸ, ਸਾਊਥ ਕੈਰੋਲੀਨਾ ਅਤੇ ਕੰਸਾਸ ਵਰਗੇ ਰਾਜਾਂ ਵਿੱਚ ਇਤਿਹਾਸਕ ਜਿੱਤਾਂ ਦਰਜ ਕੀਤੀਆਂ ਹਨ। ਕੰਸਾਸ ਵਿੱਚ ਲਗਭਗ ਇੱਕ ਸਦੀ ਤੋਂ ਚੱਲ ਰਹੇ ਰਿਪਬਲਿਕਨ ਦਬਦਬੇ ਨੂੰ ਖ਼ਤਮ ਕਰਦਿਆਂ ਡੈਮੋਕ੍ਰੇਟਸ ਨੇ ਸੀਨੇਟ ਸੀਟ 'ਤੇ ਜਿੱਤ ਹਾਸਲ ਕੀਤੀ। ਫੌਕਸ ਨਿਊਜ਼ ਅਨੁਸਾਰ ਨੌਜਵਾਨ, ਆਜ਼ਾਦ ਵੋਟਰ , ਗ੍ਰਾਮੀਣ ਵੋਟਰ ਅਤੇ ਹਿਸਪੈਨਿਕ ਵੋਟਰ ਰਿਪਬਲਿਕਨ ਪਾਰਟੀ ਤੋਂ ਦੂਰ ਹੋ ਗਏ। ਸੀ.ਐੱਨ.ਐੱਨ. ਅਨੁਸਾਰ ਮਹਿੰਗਾਈ, ਟਰੰਪ ਦੀਆਂ ਟੈਰਿਫ ਨੀਤੀਆਂ, ਈਰਾਨ ਜੰਗ ਪ੍ਰਤੀ ਅਸੰਤੋਸ਼ ਅਤੇ ਟਰੰਪ ਦੇ ਆਚਰਣ ਕਾਰਨ ਵੋਟਰਾਂ ਨੇ ਡੈਮੋਕ੍ਰੇਟਸ ਦੇ ਹੱਕ ਵਿੱਚ ਫਤਵਾ ਦਿੱਤਾ।
ਚੋਣ ਨਤੀਜਿਆਂ ਤੋਂ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ 'VETO' ਲਿਖੀ ਹੋਈ ਲਾਲ 'ਮਾਗਾ' ਕੈਪ ਦੀ ਤਸਵੀਰ ਪੋਸਟ ਕੀਤੀ। ਇੱਕ ਹੋਰ ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ਉਹ ਇੱਕ ਸਿਆਸੀ ਵਿਸ਼ਲੇਸ਼ਕ ਵਾਂਗ ਇਨ੍ਹਾਂ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨਗੇ। 'ਨਿਊਯਾਰਕ ਟਾਈਮਜ਼' ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਤਿਆਰ ਹਨ ਅਤੇ ਵਿਰੋਧੀ ਪਾਰਟੀ ਨਾਲ ਮਿਲ ਕੇ ਕੰਮ ਕਰਨਗੇ।ਸੀ.ਬੀ.ਐੱਸ. ਨਿਊਜ਼ ਨਾਲ ਗੱਲਬਾਤ ਦੌਰਾਨ ਈਰਾਨ ਨਾਲ ਚੱਲ ਰਹੇ ਟਕਰਾਅ ਦਾ ਜ਼ਿਕਰ ਕਰਦਿਆਂ ਟਰੰਪ ਨੇ ਦਾਅਵਾ ਕੀਤਾ, "ਈਰਾਨ ਜੰਗ ਉਦੋਂ ਖ਼ਤਮ ਹੋਵੇਗੀ ਜਦੋਂ ਮੈਂ ਕਹਾਂਗਾ ਕਿ ਇਹ ਖ਼ਤਮ ਹੋ ਗਈ ਹੈ। ਬੁਨਿਆਦੀ ਤੌਰ 'ਤੇ ਇਹ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਮੈਂ ਕਹਾਂਗਾ"।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
