ਈਰਾਨ ਨਾਲ ਸਬੰਧ ਸੁਧਾਰਨ ਨੂੰ ਲੈ ਕੇ ਟਰੂਡੋ ਸਰਕਾਰ ਨੂੰ ਵੱਡਾ ਝੱਟਕਾ

01/04/2018 4:36:50 AM

ਓਟਾਵਾ - ਈਰਾਨ 'ਚ ਕਈ ਦਿਨਾਂ ਤੋਂ ਚੱਲ ਰਹੇ ਹਿੰਸਕ ਮੁਜ਼ਾਹਰਿਆਂ ਕਾਰਨ ਤਹਿਰਾਨ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਟਰੂਡੋ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।
ਈਰਾਨ ਦੀ ਸੱਤਾਧਾਰੀ ਧਿਰ ਲਈ ਦੇਸ਼ ਭਰ 'ਚ ਪਿਛਲੇ 6 ਦਿਨਾਂ ਤੋਂ ਚੱਲ ਰਹੇ ਹਿੰਸਕ ਮੁਜ਼ਾਹਰੇ ਵੱਡੀ ਸਿਰਦਰਦੀ ਬਣ ਗਏ ਹਨ। ਇਨ੍ਹਾਂ ਦਿਨਾਂ ਦੌਰਾਨ ਹੁਣ ਤੱਕ ਘੱਟੋ-ਘੱਟ 21 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਜ਼ਾਹਰੇ ਵੀਰਵਾਰ ਨੂੰ ਉਦੋਂ ਸ਼ੁਰੂ ਹੋਏ ਜਦੋਂ ਲੋਕ ਵੱਧ ਰਹੀ ਮਹਿੰਗਾਈ ਅਤੇ ਅਦਾ ਨਾ ਕੀਤੀਆਂ ਗਈਆਂ ਉਜਰਤਾਂ ਪ੍ਰਤੀ ਮੌਜੂਦਾ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਲਈ ਇੱਕਠੇ ਹੋਏ।
ਮੌਤਾਂ ਦੇ ਸਬੰਧ 'ਚ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਆਫਿਸ ਵੱਲੋਂ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਮੁਜ਼ਾਹਰਾਕਾਰੀਆਂ ਦਾ ਸਮਰਥਨ ਕੀਤਾ ਗਿਆ ਅਤੇ ਈਰਾਨੀ ਅਧਿਕਾਰੀਆਂ ਕੋਲੋਂ ਸੰਜਮ ਤੋਂ ਕੰਮ ਲੈਣ ਦੀ ਮੰਗ ਕੀਤੀ ਗਈ। ਫਰੀਲੈਂਡ ਦੇ ਬੁਲਾਰੇ ਐਡਮ ਆਸਟਿਨ ਨੇ ਬਿਆਨ 'ਚ ਆਖਿਆ ਕਿ ਈਰਾਨ 'ਚ ਮੁਜ਼ਾਹਰਾਕਾਰੀਆਂ ਦੀ ਮੌਤ ਨੂੰ ਲੈ ਕੇ ਕੈਨੇਡਾ ਕਾਫੀ ਪਰੇਸ਼ਾਨ ਹੈ। ਅਸੀਂ ਈਰਾਨੀ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਉਹ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਕਦਰ ਕਰਨ।
ਪਰ ਇਨ੍ਹਾਂ ਮੁਜ਼ਾਹਰਿਆਂ ਨੇ ਲਿਬਰਲ ਸਰਕਾਰ ਦੀ ਤਹਿਰਾਨ ਨਾਲ ਸਬੰਧ ਸੁਧਾਰਨ ਦੀ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਲੋੜ ਸਬੰਧੀ ਨਵੀਂ ਬਹਿਸ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਹਾਰਪਰ ਸਰਕਾਰ ਨੇ 2012 'ਚ ਤਹਿਰਾਨ ਨਾਲੋਂ ਸਬੰਧ ਤੋੜ ਲਏ ਸਨ। 2015 ਦੀਆਂ ਫੈਡਰਲ ਚੋਣਾਂ 'ਚ ਲਿਬਰਲਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਈਰਾਨ ਨਾਲ ਸਬੰਧ ਸੁਧਾਰਣਗੇ। ਗਲੋਬਲ ਅਫੇਅਰਜ਼ ਅਧਿਕਾਰੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਈਰਾਨੀ ਹਮਰੁਤਬਾ ਅਧਿਕਾਰੀਆਂ ਨਾਲ ਚੁੱਪ ਚਪੀਤਿਆਂ ਗੱਲਬਾਤ ਦੇ ਕਈ ਗੇੜ ਪੂਰੇ ਵੀ ਕਰ ਲਏ ਸਨ।
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਿਛਲੇ ਸਾਲ 18 ਦਸੰਬਰ ਨੂੰ ਇਕ ਨਿਊਜ਼ ਏਜੰਸੀ ਨੂੰ ਵੀ ਇਹ ਦੱਸਿਆ ਸੀ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ 5ਵਾਂ ਗੇੜ ਪਿੱਛੇ ਜਿਹੇ ਹੀ ਮੁੱਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਅਗਲਾ ਗੇੜ 2018 ਦੇ ਸ਼ੁਰੂ 'ਚ ਨੇਪਰੇ ਚੜ੍ਹਨ ਦੀ ਸੰਭਾਵਨਾ ਹੈ।


Related News