ਕੈਨੇਡਾ: ਟਰੂਡੋ ਵੱਲੋਂ ਕੈਬਨਿਟ 'ਚ ਫੇਰਬਦਲ, ਸਿਰਫ ਦੋ ਹੀ ਪੰਜਾਬੀ ਰਹਿ ਗਏ ਮੰਤਰੀ
Wednesday, Jan 13, 2021 - 01:18 PM (IST)

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਮੰਤਰੀ ਮੰਡਲ ਵਿਚ ਫੇਰਬਦਲ ਕਰ ਦਿੱਤਾ ਹੈ। ਨਵਦੀਪ ਸਿੰਘ ਬੈਂਸ ਦੀ ਜਗ੍ਹਾ ਹੁਣ ਫ੍ਰਾਂਸੋਆਇਸ-ਫਿਲਿਪ ਸ਼ੈਂਪੇਨ ਨੂੰ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਬਣਾ ਦਿੱਤਾ ਗਿਆ ਹੈ।
ਕੈਬਨਿਟ ਫੇਰਬਦਲ ਤੋਂ ਪਹਿਲਾਂ ਬੈਂਸ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਹੁਣ ਪੰਜਾਬੀ ਮੂਲ ਦੇ ਸਿਰਫ ਦੋ ਮੰਤਰੀ ਰਹਿ ਗਏ ਹਨ, ਜਿਨ੍ਹਾਂ ਵਿਚ ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗਰ ਸ਼ਾਮਲ ਹਨ।
ਉੱਥੇ ਹੀ ਮਾਰਕ ਗਾਰਨੇਉ ਵਿਦੇਸ਼ ਮੰਤਰੀ ਬਣਾਏ ਗਏ ਹਨ, ਇਸ ਤੋਂ ਪਹਿਲਾਂ ਉਹ ਟਰਾਂਸਪੋਰਟ ਮੰਤਰੀ ਸਨ। ਸੰਸਦੀ ਸਕੱਤਰ ਉਮਰ ਐਲਘਬਰਾ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਜਿਮ ਕੈਰ ਪ੍ਰੇਰੀਜ਼ ਦੇ ਵਿਸ਼ੇਸ਼ ਨੁਮਾਇੰਦੇ ਵਜੋਂ ਆਪਣੇ ਪਹਿਲਾਂ ਵਾਲੇ ਅਹੁਦੇ 'ਤੇ ਦੁਬਾਰਾ ਕੈਬਨਿਟ ਵਿਚ ਪਰਤ ਆਏ ਹਨ। ਗੌਰਤਲਬ ਹੈ ਕਿ ਬੈਂਸ ਫਿਲਹਾਲ ਮਿਸੀਸਾਗਾ ਦੇ ਸ਼ਹਿਰ ਮਾਲਟਨ ਤੋਂ ਐੱਮ. ਪੀ. ਬਣੇ ਰਹਿਣਗੇ। ਉਹ 2015 ਤੋਂ ਮਾਲਟਨ ਤੋਂ ਐੱਮ. ਪੀ. ਹਨ। ਇਸ ਤੋਂ ਪਹਿਲਾਂ ਉਹ ਬਰੈਂਪਟਨ ਸਾਊਥ ਤੋਂ 2004 ਤੋਂ 2011 ਵਿਚਕਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਟਰੂਡੋ ਦੀ ਸਰਕਾਰ ਵਿਚ ਬੈਂਸ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਸਨ।
ਇਹ ਵੀ ਪੜ੍ਹੋ- ਕੈਨੇਡਾ ਦੇ ਸੂਬੇ 'ਚ ਨਾਜ਼ੁਕ ਹਾਲਾਤ, ਕਈ ICU ਮਰੀਜ਼ਾਂ ਨੂੰ ਪੈ ਸਕਦੈ 'ਮਾਰਨਾ'
ਨਵਦੀਪ ਸਿੰਘ ਬੈਂਸ ਰਾਜਨੀਤੀ ਵਿਚ ਉਤਰਨ ਤੋਂ ਪਹਿਲਾਂ ਰਾਈਰਸਨ ਯੂਨੀਵਰਸਿਟੀ ਦੇ ਟੈੱਡ ਰੋਜਰਸ ਸਕੂਲ ਵਿਚ ਇਕ ਵਿਜ਼ਟਿੰਗ ਪ੍ਰੋਫੈਸਰ ਸਨ ਅਤੇ ਫੋਰਡ ਮੋਟਰ ਕੰਪਨੀ ਵਿਚ ਵੀ ਕਈ ਸਾਲ ਲੇਖਾ ਤੇ ਵਿੱਤੀ ਵਿਸ਼ਲੇਸ਼ਣ ਦਾ ਕੰਮ ਕਰ ਚੁੱਕੇ ਹਨ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ