ਕੈਨੇਡੀਅਨ ਰਾਜਦੂਤਾਂ ਦੇ ਮਾਮਲੇ ਵਿਚ ਟਰੂਡੋ ਨੇ ਦਿੱਤਾ ਵੱਡਾ ਬਿਆਨ

Sunday, Feb 10, 2019 - 04:39 PM (IST)

ਕੈਨੇਡੀਅਨ ਰਾਜਦੂਤਾਂ ਦੇ ਮਾਮਲੇ ਵਿਚ ਟਰੂਡੋ ਨੇ ਦਿੱਤਾ ਵੱਡਾ ਬਿਆਨ

ਓਟਾਵਾ (ਏਜੰਸੀ) -ਕਿਊਬਾ ਵਿਚ ਕਿਸੇ ਅਣਜਾਣ ਮਾਨਸਿਕ ਬੀਮਾਰੀ ਨਾਲ ਪੀੜਤ ਕੈਨੇਡੀਅਨ ਰਾਜਦੂਤਾਂ ਨੇ ਬੀਤੇ ਦਿਨੀਂ ਕੈਨੇਡਾ ਸਰਕਾਰ 'ਤੇ ਇਹ ਦੋਸ਼ ਲਗਾਉਂਦਿਆਂ ਮੁਕੱਦਮਾ ਕੀਤਾ ਸੀ ਕਿ ਬੀਮਾਰੀ ਸਮੇਂ ਕੈਨੇਡੀਅਨ ਸਰਕਾਰ ਨੇ ਬਹੁਤ ਦੇਰੀ ਨਾਲ ਕਾਰਗੁਜ਼ਾਰੀ ਦਿਖਾਈ ਸੀ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਵੀ ਮੁਹੱਈਆ ਨਹੀਂ ਪ੍ਰਦਾਨ ਹੋਈਆਂ ਸਨ। ਇਸ ਤੋਂ ਅਗਲੇ ਦਿਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਸਾਡੇ ਰਾਜਦੂਤਾਂ ਨੂੰ ਕਿਊਬਾ ਵਿਚ ਅਣਜਾਣ ਦਿਮਾਗੀ ਬੀਮਾਰੀ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ ਅਤੇ ਕਿਊਬਾ ਵਲੋਂ ਅਧਿਕਾਰੀਆਂ ਨੂੰ ਡਾਕਟਰ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਅਜਿਹੀਆਂ ਬੀਮਾਰੀਆਂ ਦੇ ਲੱਛਣ ਪਾਏ ਗਏ ਸਨ।

ਜਦੋਂ ਤੋਂ ਇਹ ਬੀਮਾਰੀ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸਾਡੀ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਰਹੀ ਹੈ ਅਤੇ ਅੱਗੇ ਵੀ ਅਸੀਂ ਇਹ ਗੱਲ ਯਕੀਨੀ ਬਣਾਉਂਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਸਾਡੇ ਜਿਹੜੇ ਕੈਨੇਡੀਅਨ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਸਾਡੀ ਸਰਕਾਰ ਉਨ੍ਹਾਂ ਦੀ ਸਿਹਤ ਸੰਭਾਲ ਸਬੰਧੀ ਲੋੜਾਂ ਪੂਰੀਆਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਓਨਟਾਰੀਓ ਫੇਰੀ ਦੌਰਾਨ ਕੀਤਾ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਸਰਕਾਰ ਹੁਣ ਵੀ ਇਸ ਬੀਮਾਰੀ ਤੋਂ ਨਿਜਾਤ ਪਾਉਣ ਲਈ ਕਿਊਬਾ ਦੀਆਂ ਸਥਾਨਕ ਅਥਾਰਟੀਜ਼ ਦੇ ਸੰਪਰਕ ਵਿਚ ਹਨ।

ਜ਼ਿਕਰਯੋਗ ਹੈ ਕਿ ਟਰੂਡੋ ਦਾ ਬਿਆਨ ਉਸ ਵੇਲੇ ਆਇਆ, ਜਦੋਂ ਇਸ ਬੀਮਾਰੀ ਤੋਂ ਪੀੜਤ ਕਿਊਬਾ ਵਿਚ ਸੇਵਾਵਾਂ ਦੇ ਚੁੱਕੇ 14 ਰਾਜਦੂਤਾਂ ਨੇ ਆਪਣੇ ਪਰਿਵਾਰਾਂ ਸਮੇਤ ਸਰਕਾਰ ਵਿਰੁੱਧ 28 ਮਿਲੀਅਨ ਕੈਨੇਡੀਅਨ ਡਾਲਰਾਂ ਦੇ ਮੁਆਵਜ਼ੇ ਦਾ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੀਮਾਰੀ ਮੌਕੇ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਨਹੀਂ ਕਰਵਾਈਆਂ ਸਨ ਅਤੇ ਦੇਰੀ ਨਾਲ ਪ੍ਰਤੀਕਿਰਿਆ ਦਿੱਤੀ ਸੀ। ਆਪਣੇ ਅਧਿਕਾਰੀਆਂ ਦੇ ਇਸ ਬੀਮਾਰੀ ਤੋਂ ਪੀੜਤ ਹੋਣ ਸਬੰਧੀ ਕੈਨੇਡਾ ਸਰਕਾਰ ਖੁਦ ਵੀ ਪੁਸ਼ਟੀ ਕਰ ਚੁੱਕੀ ਹੈ। ਬੀਤੇ ਮਹੀਨੇ ਕੈਨੇਡੀਅਨ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਸਾਹਮਣੇ ਅਜਿਹਾ 14ਵਾਂ ਮਾਮਲਾ ਆ ਚੁੱਕਾ ਹੈ, ਜਿਸ ਦੇ ਚੱਲਦਿਆਂ ਕਿਊਬਾ ਤੋਂ ਅੱਧ ਤੋਂ ਜ਼ਿਆਦਾ ਅਧਿਕਾਰੀ ਵਾਪਸ ਬੁਲਾਉਣ ਦਾ ਵੀ ਐਲਾਨ ਕੀਤਾ ਗਿਆ ਸੀ।


author

Sunny Mehra

Content Editor

Related News