ਆਸਟ੍ਰੇਲੀਆ 'ਚ ਟਰੱਕ ਅਤੇ ਕਾਰਾਂ ਦੀ ਟੱਕਰ, 2 ਦੀ ਮੌਤ

01/16/2018 12:32:48 PM

ਸਿਡਨੀ (ਬਿਊਰੋ)— ਸੈਂਟਰਲ ਵੈਸਟ ਨਿਊ ਸਾਊਥ ਵੇਲਜ਼ ਵਿਚ ਇਕ ਟਰੱਕ ਕਤਾਰ ਵਿਚ ਖੜੀਆਂ ਗੱਡੀਆਂ ਨਾਲ ਟਕਰਾ ਗਿਆ। ਇਸ ਟੱਕਰ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਫਸ ਗਏ। ਇਹ ਹਾਦਸਾ ਦੁਪਹਿਰ ਦੇ ਲੱਗਭਗ 12:30 ਵਜੇ ਹੋਇਆ। ਡੱਬੋ ਦੇ ਉੱਤਰੀ ਹਿੱਸੇ ਤੋਂ 20 ਕਿਲੋਮੀਟਰ ਦੂਰ ਨਿਊਵੈਲ ਹਾਈਵੇ 'ਤੇ ਟਰੱਕ ਸੜਕ 'ਤੇ ਖੜੀਆਂ ਗੱਡੀਆਂ ਨਾਲ ਟਕਰਾ ਗਿਆ। 

PunjabKesari

ਨਿਊ ਸਾਊਥ ਵੇਲਜ਼ ਦੇ ਐਂਬੁਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ 5 ਤੋਂ 11 ਵਿਅਕਤੀਆਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਸਨ। ਉਨ੍ਹਾਂ ਦੇ ਪਹੁੰਚਣ ਤੱਕ ਇਕ ਮਰੀਜ਼ ਨੂੰ ਉਸ ਦੀ ਗੱਡੀ ਵਿਚੋਂ ਬਾਹਰ ਕੱਢ ਲਿਆ ਗਿਆ ਸੀ। ਇਸ ਟੱਕਰ ਵਿਚ ਦੋ ਟਰੱਕ ਅਤੇ ਚਾਰ ਕਾਰਾਂ ਸ਼ਾਮਲ ਹਨ। 7 ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿਚ 2 ਸਾਲਾ ਬੱਚੀ ਦੀਆਂ ਲੱਤਾਂ 'ਤੇ, 52 ਸਾਲਾ ਔਰਤ ਦੇ ਮੋਢੇ ਅਤੇ ਗੁੱਟ 'ਤੇ ਅਤੇ 26 ਸਾਲਾ ਔਰਤ ਨੂੰ ਅੰਦਰੂਨੀ ਸੱਟਾਂ ਲਗੀਆਂ ਹਨ। ਇਕ 20 ਸਾਲਾ ਵਿਅਕਤੀ ਦੇ ਚਿਹਰੇ ਅਤੇ ਬਾਹਾਂ 'ਤੇ ਸੱਟਾਂ ਲੱਗੀਆਂ ਹਨ ਜਦਕਿ 24 ਸਾਲਾ ਔਰਤ ਦੇ ਸਿਰ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ। ਇਨ੍ਹਾਂ 5 ਮਰੀਜ਼ਾਂ ਨੂੰ ਇਲਾਜ ਲਈ ਡੁੱਬੋ ਬੇਸ ਹਸਪਤਾਲ ਲਿਜਾਇਆ ਗਿਆ। 2 ਹੋਰ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਵਿਚ ਇਕ 18 ਸਾਲਾ ਵਿਅਕਤੀ ਸੀ, ਜੋ ਕਿ ਟਰੱਕ ਵਿਚ ਫਸ ਗਿਆ ਸੀ।

PunjabKesari
ਟਰੱਕ ਦੇ ਡਰਾਈਵਰ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਉਸ ਦੀਆਂ ਲੱਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਸਨ। ਐਮਰਜੈਂਸੀ ਸੇਵਾਵਾਂ ਲਈ ਮੌਕੇ 'ਤੇ 9 ਐਂਬੂਲੈਂਸ ਈਕਾਈਆਂ ਅਤੇ ਤਿੰਨ ਹੈਲੀਕਾਪਟਰ ਮੌਜੂਦ ਸਨ। ਹਾਦਸੇ ਕਾਰਨ ਨਿਊਵੈਲ ਹਾਈਵੇ 'ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ। ਬੀਤੇ ਦੋ ਦਿਨਾਂ ਵਿਚ ਨਿਊ ਸਾਊਥ ਵੇਲਜ਼ ਵਿਚ ਇਹ ਤੀਜਾ ਵੱਡਾ ਹਾਦਸਾ ਹੈ।


Related News