ਸਕਾਟਲੈਂਡ ਦੇ ਇਸ ਟਾਪੂ ''ਤੇ ਜਾਇਆ ਜਾ ਸਕਦਾ ਹੈ ਸਿਰਫ 1 ਦਿਨ ਲਈ

08/08/2017 2:30:52 PM

ਈਡਨਬਰਗ— ਦੁਨੀਆ ਦਾ ਹਰ ਹਿੱਸਾ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਹੈ। ਧਰਤੀ ਦੇ ਜਿਨ੍ਹਾਂ ਹਿੱਸਿਆਂ 'ਤੇ ਇਨਸਾਨ ਨਹੀਂ ਪਹੁੰਚ ਪਾਉਂਦਾ, ਉਨ੍ਹਾਂ ਹਿੱਸਿਆਂ ਬਾਰੇ ਕਹਾਣੀਆਂ ਪ੍ਰਚਲਿਤ ਹੋ ਜਾਂਦੀਆਂ ਹਨ। ਕਈ ਵਾਰੀ ਇਨਸਾਨੀ ਬਸਤੀਆਂ ਦੇ ਨੇੜੇ ਕੁਝ ਹਿੱਸੇ ਆਬਾਦੀ ਰਹਿਤ ਹੁੰਦੇ ਹਨ ਅਤੇ ਇਨ੍ਹਾਂ ਬਾਰੇ ਕਹਾਣੀਆਂ ਅਤੇ ਅਫਵਾਹਾਂ ਦਾ ਲੰਬਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਹੀ ਇਕ ਜਗ੍ਹਾ ਹੈ ਸਕਾਟਲੈਂਡ ਦਾ 'ਆਇਨਹੈਲੋ ਟਾਪੂ'।
ਦਿਲ ਦੇ ਆਕਾਰ ਦਾ ਹੈ ਟਾਪੂ
ਦਿਲ ਦੇ ਆਕਾਰ ਦਾ ਇਹ ਛੋਟਾ ਜਿਹਾ ਟਾਪੂ ਬਹੁਤ ਖੂਬਸੂਰਤ ਹੈ। ਇਸ ਟਾਪੂ ਵਿਚ ਤੁਹਾਨੂੰ ਚਮੜੇ ਦੀ ਤਰ੍ਹਾਂ ਨਜ਼ਰ ਆਉਣ ਵਾਲੀ ਸਮੁੰਦਰੀ ਘਾਹ ਮਿਲੇਗੀ। ਮੌਸਮ ਦੀ ਮਾਰ ਝੱਲਣ ਵਾਲੇ ਵੱਡੇ-ਵੱਡੇ ਪੱਥਰਾਂ ਨਾਲ ਇਸ ਟਾਪੂ ਦੇ ਤੱਟ ਬਣੇ ਹਨ। ਸਕਾਟਲੈਂਡ ਵਿਚ ਪਾਈਆਂ ਜਾਣ ਵਾਲੀਆਂ ਹੋਰ ਚੱਟਾਨਾਂ ਦੀ ਤਰ੍ਹਾਂ ਇਸ ਟਾਪੂ ਦੀਆਂ ਚੱਟਾਨਾਂ ਦਾ ਰੰਗ ਵੀ ਉਨ੍ਹਾਂ ਵਰਗਾ ਹੀ ਹੈ ਪਰ ਇੱਥੇ ਆ ਕੇ ਹਰ ਚੀਜ਼ ਹਰਕਤ ਕਰਨਾ ਬੰਦ ਕਰ ਦਿੰਦੀ ਹੈ।
ਇਸ ਟਾਪੂ ਨਾਲ ਬਹੁਤ ਸਾਰੀਆਂ ਕਹਾਣੀਆਂ, ਲੋਕ-ਕਥਾਵਾਂ ਅਤੇ ਰੀਤੀ-ਰਿਵਾਜ ਜੁੜੇ ਹਨ। ਇੱਥੇ ਬਹੁਤ ਸਾਰੇ ਲੋਕ ਤੀਰਥ-ਯਾਤਰਾ ਲਈ ਆਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਟਾਪੂ 'ਤੇ ਸਿਰਫ ਇਕ ਦਿਨ ਲਈ ਹੀ ਆਇਆ ਜਾ ਸਕਦਾ ਹੈ। ਬਾਕੀ 364 ਦਿਨ ਇੱਥੇ ਆਉਣਾ ਸੰਭਵ ਨਹੀਂ।
ਕਿਸ਼ਤੀ ਨਾਲ ਵੀ ਪਹੁੰਚਣਾ ਸੰਭਵ ਨਹੀਂ 
ਇਹ ਟਾਪੂ ਓਕਰਨੇ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਹੈ। ਫਿਰ ਵੀ ਇੱਥੇ ਆਉਣਾ ਸੌਖਾ ਨਹੀਂ। ਜੇ ਤੁਰਾਡੇ ਕੋਲ ਕਿਸ਼ਤੀ ਹੈ ਤਾਂ ਵੀ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ ਕਿਉਂਕਿ ਇੱਥੇ ਵਹਿਣ ਵਾਲੀਆਂ ਨਦੀਆਂ ਵਿਚ ਜਵਾਰ ਭਾਟੇ ਇੰਨੇ ਜ਼ਿਆਦਾ ਆਉਂਦੇ ਹਨ ਕਿ ਉਹ ਤੁਹਾਡਾ ਰਸਤਾ ਰੋਕ ਲੈਂਦੇ ਹਨ।
ਓਕਰਨੇ ਹੈਰੀਟੇਜ ਸੁਸਾਇਟੀ ਹਰ ਸਾਲ ਗਰਮੀ ਦੇ ਮੌਸਮ ਵਿਚ ਇੱਥੇ ਸੈਲਾਨੀਆਂ ਨੂੰ ਲੈ ਕੇ ਆਉਂਦੀ ਹੈ। ਇਸ ਸੋਸਾਇਟੀ ਦੇ ਜਰੀਏ ਤੁਸੀਂ ਵੀ ਇੱਥੇ ਆ ਸਕਦੇ ਹੋ।
ਸਕਾਟਲੈਂਡ ਦੇ ਹਾਈਲੈਂਡਸ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਨ ਲੀ ਕਹਿੰਦੇ ਹਨ ਕਿ ਸਾਲ 1851 ਵਿਚ ਇਸ ਟਾਪੂ 'ਤੇ ਚੂਹਿਆਂ ਤੋਂ ਪੈਦਾ ਹੋਣ ਵਾਲੀ ਤਾਊਨ ਜਾਂ ਪਲੇਗ ਨਾਂ ਦੀ ਬੀਮਾਰੀ ਫੈਲ ਗਈ ਸੀ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਇਹ ਟਾਪੂ ਛੱਡ ਕੇ ਦੂਜੀ ਜਗ੍ਹਾ ਜਾਣਾ ਪਿਆ। 
ਇੱਥੇ ਕੁਝ ਪੁਰਾਣੀਆਂ ਇਮਾਰਤਾਂ ਦੇ ਮਲਬੇ ਮਿਲਦੇ ਹਨ। ਇਨ੍ਹਾਂ ਇਮਾਰਤਾਂ ਤੋਂ ਇਸ ਟਾਪੂ ਦੀ ਤਰੀਕ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਇਨਹੈਲੋ ਨੂੰ 'ਹੋਲੀ ਆਇਲ' ਮਤਲਬ ਪੱਵਿਤਰ ਟਾਪੂ ਵੀ ਕਿਹਾ ਜਾਂਦਾ ਹੈ। ਪੂਰਾ ਟਾਪੂ ਸਵੇਰੇ-ਸ਼ਾਮ ਚਿੜੀਆਂ ਦੀ ਆਵਾਜ ਨਾਲ ਗੂੰਜ ਉੱਠਦਾ ਹੈ। ਵਾਤਾਵਰਣ ਪ੍ਰੇਮੀਆਂ ਲਈ ਇਹ ਜਗ੍ਹਾ ਕਿਸੇ ਵਰਦਾਨ ਨਾਲੋਂ ਘੱਟ ਨਹੀਂ। ਇੱਥੇ ਉਨ੍ਹਾਂ ਨੂੰ ਰਿਸਰਚ ਲਈ ਤਰ੍ਹਾਂ-ਤਰ੍ਹਾਂ ਦੀਆਂ ਚਿੜੀਆਂ ਮਿਲ ਜਾਣਗੀਆਂ। ਜੇਕਰ ਇੱਥੋਂ ਦੀ ਸਰਕਾਰ ਇਸ ਵੱਲ ਥੋੜ੍ਹਾ ਧਿਆਨ ਦੇਵੇ ਤਾਂ ਇਸ ਦੇ ਹੋਰ ਬਹੁਤ ਸਾਰੇ ਭੇਦ ਖੁੱਲ੍ਹ ਸਕਦੇ ਹਨ।


Related News