ਅਮਰੀਕਾ ''ਚ ਪਟੜੀ ਤੋਂ ਉਤਰੀ ਯਾਤਰੀ ਟਰੇਨ, 3 ਲੋਕਾਂ ਦੀ ਹੋਈ ਮੌਤ
Monday, Sep 27, 2021 - 12:48 AM (IST)
            
            ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਮੋਂਟਾਨਾ 'ਚ ਸ਼ਨੀਵਾਰ ਨੂੰ ਇੱਕ ਯਾਤਰੀ ਟਰੇਨ ਹਾਦਸੇ ਦਾ ਸ਼ਿਕਾਰ ਹੋਈ, ਜਿਸ ਕਰਕੇ 3 ਯਾਤਰੀਆਂ ਦੀ ਮੌਤ ਹੋਈ ਹੈ। ਇਹ ਹਾਦਸਾ ਉੱਤਰੀ ਮੋਂਟਾਨਾ 'ਚ ਸ਼ਨੀਵਾਰ ਨੂੰ ਐਮਟਰੈਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਵਾਪਰਿਆ, ਜਿਸ ਨਾਲ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਐਮਟਰੈਕ ਦੇ ਅਨੁਸਾਰ ਹਾਦਸੇ ਦੌਰਾਨ ਐਮਪਾਇਰ ਬਿਲਡਰ 7/27 ਟਰੇਨ ਦੇ ਤਕਰੀਬਨ 7 ਡੱਬੇ, ਸ਼ਾਮ 4 ਵਜੇ ਦੇ ਕਰੀਬ ਪਟੜੀ ਤੋਂ ਉੱਤਰ ਗਏ।
ਇਹ ਟਰੇਨ ਸ਼ਿਕਾਗੋ ਤੋਂ ਸਿਆਟਲ ਜਾ ਰਹੀ ਸੀ ਅਤੇ ਉੱਤਰੀ ਮੋਂਟਾਨਾ 'ਚ ਹਾਦਸੇ ਦਾ ਸ਼ਿਕਾਰ ਹੋਈ। ਰੇਲ ਅਧਿਕਾਰੀਆਂ ਦੁਆਰਾ 3 ਮੌਤਾਂ ਦੀ ਪੁਸ਼ਟੀ ਕੀਤੀ ਗਈ ਅਤੇ ਅੰਦਾਜ਼ਨ 50 ਦੇ ਕਰੀਬ ਯਾਤਰੀ ਜ਼ਖਮੀ ਹੋਏ ਹਨ। ਐਮਟਰੈਕ ਨੇ ਦੱਸਿਆ ਕਿ ਰੇਲ ਗੱਡੀ 'ਚ ਲਗਭਗ 146 ਯਾਤਰੀ ਅਤੇ ਰੇਲ ਨਾਲ ਸਬੰਧਿਤ 16 ਮੈਂਬਰ ਸਵਾਰ ਸਨ। ਇਸ ਰੇਲ ਹਾਦਸੇ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆਇਆ ਸੀ ਅਤੇ ਇਸ ਸਬੰਧੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਲਈ ਇੱਕ "ਗੋ ਟੀਮ" ਲਾਂਚ ਕਰ ਰਿਹਾ ਹੈ।
