ਸਕਾਟਲੈਂਡ 'ਚ ਇਕਾਂਤਵਾਸ ਨਿਯਮਾਂ ਦੀ ਉਲੰਘਣਾ 'ਤੇ ਸੈਲਾਨੀਆਂ ਨੂੰ ਹੋਵੇਗਾ ਜੁਰਮਾਨਾ

07/27/2020 10:10:52 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-   ਸਪੇਨ ਦੇ ਗਰਮ ਮੌਸਮ ਨੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਬਰਤਾਨਵੀ ਨਾਗਰਿਕਾਂ ਨੂੰ ਆਪਣੇ ਵੱਲ ਖਿੱਚਿਆ ਤਾਂ ਲੋਕ ਵਾਹੋਦਾਹੀ ਸਪੇਨ ਵੱਲ ਨੂੰ ਹੋ ਤੁਰੇ। ਬਰਤਾਨਵੀ ਸਰਕਾਰ ਵੱਲੋਂ ਪਹਿਲਾਂ ਲਏ ਫੈਸਲੇ ਤੋਂ ਪਲਟਦਿਆਂ ਨਵਾਂ ਫੁਰਮਾਨ ਜਾਰੀ ਕੀਤਾ ਹੈ ਕਿ ਸਪੇਨ ਤੋਂ ਮੁੜਨ ਵਾਲੇ ਹਰ ਯਾਤਰੀ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ।

 

ਸਕਾਟਲੈਂਡ ਤੋਂ ਛੁੱਟੀਆਂ ਮਨਾਉਣ ਸਪੇਨ ਗਏ ਸਕਾਟਿਸ਼ ਲੋਕ ਜਦ ਵਾਪਸ ਪਰਤਣਗੇ ਤਾਂ ਉਨ੍ਹਾਂ ਲਈ ਸਕਾਟਲੈਂਡ ਸਰਕਾਰ ਦੇ ਦਿਸ਼ਾ-ਨਿਰਦੇਸ਼ ਹਨ ਕਿ ਜੇਕਰ ਉਹ ਆਪਣੇ-ਆਪ ਨੂੰ ਇਕਾਂਤਵਾਸ 'ਚ ਨਹੀਂ ਰੱਖਦੇ ਤਾਂ ਉਨ੍ਹਾਂ ਨੂੰ 480 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਏਗਾ। ਬੇਸ਼ੱਕ ਛੇ ਦਿਨ ਪਹਿਲਾਂ ਇਕਾਂਤਵਾਸ ਵਾਲੀ ਸ਼ਰਤ ਹਟਾ ਲਈ ਗਈ ਸੀ ਪਰ ਮੁੜ ਦੁਬਾਰਾ ਐਲਾਨ ਹੋਣ ਨਾਲ ਸਰਕਾਰ ਦੀ ਆਲੋਚਨਾ ਤਾਂ ਹੋ ਹੀ ਰਹੀ ਹੈ ਸਗੋਂ ਵੱਖ-ਵੱਖ ਕਾਰੋਬਾਰਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਬਣ ਗਿਆ ਹੈ।

ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟੁਰਜਿਨ ਨੇ ਕਿਹਾ ਹੈ ਕਿ "ਅੱਜ ਦੇ ਤਾਜ਼ਾ ਅੰਕੜਿਆਂ ਦੀ ਸਮੀਖਿਆ ਕਰਦਿਆਂ ਸਕੋਟਗੋਵ ਸਪੇਨ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਇਕਾਂਤਵਾਸ ਜ਼ਰੂਰੀ ਹੋਵੇਗਾ ਤਾਂ ਜੋ ਸਕਾਟਲੈਂਡ ਨੂੰ ਸੁਰੱਖਿਅਤ ਰੱਖਿਆ ਜਾ ਸਕੇ।" ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਮੇਂ ਦੇ ਤਕਾਜ਼ੇ ਅਨੁਸਾਰ ਗ਼ੈਰ-ਜ਼ਰੂਰੀ ਵਿਦੇਸ਼ੀ ਯਾਤਰਾਵਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਸਕਾਟਿਸ਼ ਸਰਕਾਰ ਦੇ ਜਸਟਿਸ ਸੱਕਤਰ ਹਮਜ਼ਾ ਯੂਸਫ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਆਰੰਭ ਵਿਚ ਸਪੇਨ ਤੋਂ ਪਰਤਣ ਵਾਲਿਆਂ ਨੂੰ ਇਕਾਂਤਵਾਸ ਛੋਟ ਦੇਣ ਦਾ ਫੈਸਲਾ ਉਦੋਂ ਲਿਆ ਗਿਆ ਸੀ ਜਦੋਂ ਅੰਕੜਿਆਂ ਵਿੱਚ ਕੁਝ ਸੁਧਾਰ ਸੀ। ਦੋ ਦਿਨਾਂ ਵਿਚ ਸਪੇਨ ਅੰਦਰ ਵਧੇ 900 ਤੋਂ ਵਧੇਰੇ ਮਾਮਲਿਆਂ ਨੇ ਸੋਚਣ ਲਈ ਮਜ਼ਬੂਰ ਕੀਤਾ ਹੈ। ਸਪੇਨ ਵਿਚ ਤਾਲਾਬੰਦੀ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਸਪੇਨ ਜਾਣ ਵੇਲੇ ਯਾਤਰੀਆਂ ਦੀ ਜਾਣਕਾਰੀ ਬਰਤਾਨਵੀ ਮੰਤਰਾਲੇ ਕੋਲ ਹੈ। ਇਸ ਲਈ ਸਪੇਨ ਤੋਂ ਪਰਤਣ ਵਾਲੇ ਸੈਲਾਨੀਆਂ ਦੇ ਘਰਾਂ ਤੱਕ ਪਹੁੰਚ ਕਰਕੇ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਉਹ ਇਕਾਂਤਵਾਸ 'ਚ ਹਨ ਜਾਂ ਨਹੀਂ? ਜੇਕਰ ਉਹ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ ਤਾਂ ਉਕਤ ਜ਼ੁਰਮਾਨਾ ਅਦਾ ਕਰਨਾ ਪਵੇਗਾ। ਮੁੱਢਲੇ ਤੌਰ 'ਤੇ ਜ਼ੁਰਮਾਨਾ ਰਾਸ਼ੀ 60 ਪੌਂਡ ਹੋਵੇਗੀ ਪਰ ਨਜ਼ਰਅੰਦਾਜ਼ ਕਰਨ 'ਤੇ ਦੁੱਗਣੀ ਹੁੰਦੀ ਜਾਵੇਗੀ ਤੇ ਹੱਦ 480 ਪੌਂਡ ਹੋਵੇਗੀ। ਇਸੇ ਤਰ੍ਹਾਂ ਇੰਗਲੈਂਡ ਤੇ ਵੇਲਜ਼ ਵਿਚ ਇਹ 100 ਤੋਂ 1000 ਪੌਂਡ ਤੱਕ ਰੱਖੀ ਗਈ ਹੈ।


Sanjeev

Content Editor

Related News