ਵਧਦੀ ਉਮਰ ਦੀਆਂ ਬੀਮਾਰੀਆਂ ਤੋਂ ਬਚਣਾ ਹੈ ਤਾਂ ਰੱਖੋ 'ਵਰਤ'
Wednesday, Jan 16, 2019 - 06:12 PM (IST)

ਵਾਸ਼ਿੰਗਟਨ— ਜੇਕਰ ਤੁਸੀਂ ਵਧਦੀ ਉਮਰ ਸਬੰਧੀ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਬੁਢਾਪੇ 'ਚ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ 'ਵਰਤ' ਰੱਖਣ ਨਾਲ ਸਰੀਰ ਦੇ ਮੈਟਾਬੋਲਿਜ਼ਮ 'ਤੇ ਸਾਕਾਰਾਤਮਕ ਅਸਰ ਪੈਂਦਾ ਹੈ ਤੇ ਉਮਰ ਸਬੰਧੀ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਮਿਲਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭੋਜਨ ਮਨੁੱਖ ਦੇ 'ਬਾਡੀ ਕਲਾਕ' ਨੂੰ ਪ੍ਰਭਾਵਿਤ ਕਰਦਾ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਸੀ ਕਿ ਭੋਜਨ ਦੀ ਕਮੀ ਦਾ ਇਸ 'ਤੇ ਕੀ ਅਸਰ ਪੈਂਦਾ ਹੈ।
ਕੈਲੀਫੋਰਨੀਆ ਯੂਨੀਵਰਸਿਟੀ 'ਚ ਪ੍ਰੋਫੈਸਰ ਪਾਓਲੋ ਸਾਸਸੋਨੇ ਕੋਰਸੀ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਭੋਜਨ ਨਾ ਕਰਨ ਨਾਲ ਸ਼ਰੀਰ ਦੇ ਅੰਦਰ ਸਿਕੇਰਡੀਅਨ ਕਲਾਕ ਤੇ ਵਰਤ ਸੰਚਾਲਿਤ ਕੋਸ਼ਿਕਾਵਾਂ 'ਤੇ ਪ੍ਰਭਾਵ ਪੈਂਦਾ ਹੈ। ਇਹ ਰਿਸਰਚ ਚੂਹਿਆਂ 'ਤੇ ਕੀਤੀ ਗਈ ਸੀ, ਜਿਨ੍ਹਾਂ ਨੂੰ 24 ਘੰਟਿਆਂ ਤੱਕ ਖਾਣ ਲਈ ਕੁਝ ਨਹੀਂ ਦਿੱਤਾ ਗਿਆ। ਖੋਜਕਾਰਾਂ ਨੂੰ ਪਤਾ ਲੱਗਿਆ ਕਿ ਭੋਜਨ ਨਾ ਦਿੱਤੇ ਜਾਣ ਦੌਰਾਨ ਚੂਹਿਆਂ ਨੇ ਆਕਸੀਜਨ ਦੀ ਖਪਤ, ਆਰ.ਆਈ.ਆਰ.(ਮੈਟਾਬੋਲਿਜ਼ਮ ਦੌਰਾਨ ਪੈਦਾ ਹੋਈ ਕਾਰਬਨਡਾਈਆਕਸਾਈਡ ਤੇ ਵਰਤੀ ਗਈ ਆਕਸੀਜਨ ਦੀ ਮਾਤਰਾ ਦਾ ਅਨੁਪਾਤ) ਤੇ ਊਰਜਾ ਖਪਤ 'ਚ ਕਮੀ ਦਿਖਾਈ। ਭੋਜਨ ਦਿੱਤੇ ਜਾਣ ਤੋਂ ਬਾਅਦ ਅਜਿਹਾ ਹੋਣਾ ਬੰਦ ਹੋ ਗਿਆ। ਮਨੁੱਖਾਂ 'ਚ ਵੀ ਅਜਿਹੇ ਨਤੀਜੇ ਦੇਖੇ ਗਏ ਹਨ।
ਕੋਰਸੀ ਨੇ ਕਿਹਾ ਕਿ ਜੇਕਰ ਸਮਾਂਬੱਧ ਤਰੀਕੇ ਨਾਲ 'ਵਰਤ' ਰੱਖਿਆ ਜਾਵੇ ਤਾਂ ਇਸ ਨਾਲ ਸਰੀਰ ਦੇ ਸੈਲੂਲਰ ਸਿਸਟਮ 'ਤੇ ਸਾਕਾਰਾਤਮਕ ਅਸਰ ਪਵੇਗਾ, ਜੋ ਸਿਹਤ ਲਈ ਲਾਭਕਾਰੀ ਹੋਵੇਗਾ ਤੇ ਵਧਦੀ ਉਮਰ ਸਬੰਧੀ ਬੀਮਾਰੀਆਂ ਤੋਂ ਬਚਾਏਗਾ।