ਆਸਟ੍ਰੇਲੀਆ ਵਿੱਚ ਸਮਾਂ ਤਬਦੀਲੀ 6 ਅਕਤੂਬਰ ਤੋਂ

09/29/2019 3:18:22 PM

ਮੈਲਬੌਰਨ,(ਮਨਦੀਪ ਸਿੰਘ ਸੈਣੀ)- 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਐਤਵਾਰ 6 ਅਕਤੂਬਰ ਤੋਂ ਆਸਟ੍ਰੇਲੀਆ ਦੇ ਕਈ ਸੂਬਿਆਂ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆਂ।ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਹੀ ਲਾਗੂ ਹੋਵੇਗੀ ਜਦਕਿ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

'ਡੇਅ ਲਾਈਟ ਸੇਵਿੰਗ' ਅਧੀਨ ਇਹ ਤਬਦੀਲੀ ਸਾਲ ਵਿੱਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। ਐਤਵਾਰ 6 ਅਕਤੂਬਰ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ ਦੋ ਵਜੇ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆਂ ਅਤੇ ਸਰਦ ਰੁੱਤ ਦੀ ਸ਼ੁਰੂਆਤ 'ਤੇ ਮੁੜ ਦੁਬਾਰਾ 5 ਅਪ੍ਰੈਲ, 2020 ਨੂੰ ਇੱਕ ਘੰਟਾ ਪਿੱਛੇ ਹੋ ਜਾਣਗੀਆਂ।ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿੱਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿੱਚ ਲਾਹੇਵੰਦ ਸਿੱਧ ਹੁੰਦਾ ਹੈ।

ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਦਾ ਫਰਕ ਹੋਵੇਗਾ।ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿੱਚ ਇਸ ਸਮੇਂ ਗਰਮ ਰੁੱਤ ਦਾ ਆਗਾਜ਼ ਹੋ ਰਿਹਾ ਹੈ।


Related News