ਨਿਊ ਸਾਊਥ ਵੇਲਜ਼ ''ਚ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਮੌਤ

05/29/2017 1:47:50 PM

ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸੋਮਵਾਰ ਦੀ ਸਵੇਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਨੇਵੈਲ ਹਾਈਵੇਅ 'ਤੇ ਸਵੇਰੇ ਤਕਰੀਬਨ 6 ਵਜੇ ਵਾਪਰਿਆ। ਦਰਅਸਲ ਟਰੱਕ, ਤੇਲ ਟੈਂਕਰ ਟਰੱਕਾਂ ਅਤੇ ਇਕ ਕਾਰ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਮੌਕੇ 'ਤੇ ਪੁੱਜੀ ਪੁਲਸ ਨੇ ਦੱਸਿਆ ਕਿ ਘਟਨਾ 'ਚ ਕਾਰ ਸਵਾਰ ਦੋ ਔਰਤਾਂ ਅਤੇ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੇਲ ਟੈਂਕਰ ਦੇ ਡਰਾਈਵਰ ਨੂੰ ਘਟਨਾ ਵਾਲੀ ਥਾਂ 'ਤੇ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 
ਓਧਰ ਸਥਾਨਕ ਪੁਲਸ ਇੰਸਪੈਕਟ ਨੇ ਕਿਹਾ ਕਿ ਐਮਰਜੈਂਸੀ ਸੇਵਾ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਅਧਿਕਾਰੀ, ਐਂਬੂਲੈਂਸ ਅਤੇ ਪੁਲਸ ਮੌਕੇ 'ਤੇ ਪਹੁੰਚੀ। ਇਸ ਭਿਆਨਕ ਟੱਕਰ ਤੋਂ ਬਾਅਦ ਤੇਲ ਟੈਂਕਰ ਨੂੰ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਇਆ। ਘਟਨਾ ਕਾਰਨ ਹਾਈਵੇਅ 'ਤੇ ਵਾਹਨਾਂ ਦੀ ਭੀੜ ਲੱਗ ਗਈ। ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।


Related News