ਸਾਊਥਾਲ ਟਾਊਨ ਹਾਲ ''ਚੋਂ ਤਿੰਨ ਇਤਿਹਾਸਕ ਤਖ਼ਤੀਆਂ ਚੋਰੀ

06/20/2020 3:57:35 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਬਰਤਾਨੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਾਊਥਾਲ ਦੇ ਟਾਊਨ ਹਾਲ 'ਚੋਂ ਤਿੰਨ ਇਤਿਹਾਸਕ ਤਖ਼ਤੀਆਂ ਚੋਰੀ ਕੀਤੇ ਜਾਣ ਦੀ ਖਬਰ ਹੈ। ਸਾਊਥਾਲ ਦੇ ਨਸਲਵਾਦ ਵਿਰੋਧੀ ਲੋਕਾਂ ਵੱਲੋਂ ਬਲੈਕ ਲਾਈਵਜ਼ ਮੈਟਰ ਮੁਹਿੰਮ ਦਾ ਹਿੱਸਾ ਬਣਦਿਆਂ ਟਾਊਨ ਹਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਉਪਰੰਤ ਟਾਊਨ ਹਾਲ ਦੀ ਕੰਧ 'ਤੇ ਲੱਗੀਆਂ ਇਤਿਹਾਸਕ ਅਤੇ ਯਾਦਗਾਰੀ ਤਖ਼ਤੀਆਂ ਸ਼ਰਾਰਤੀ ਅਨਸਰਾਂ ਵੱਲੋਂ ਪੁੱਟ ਕੇ ਚੋਰੀ ਕਰ ਲਈਆਂ ਗਈਆਂ ਹਨ। ਇਹ ਕਾਰਵਾਈ ਕਿਸ ਨੇ ਕੀਤੀ ਹੈ, ਇਹ ਅਜੇ ਜਾਂਚ ਦਾ ਵਿਸ਼ਾ ਹੈ ਪਰ ਇਸ ਘਟਨਾ ਨੂੰ ਬਲੈਕ ਲਾਈਵਜ਼ ਮੈਟਰ ਮੁਹਿੰਮ ਦੇ ਸਮਰਥਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਯਾਦਗਾਰੀ ਤਖ਼ਤੀਆਂ ਵਿੱਚੋਂ ਇੱਕ 'ਤੇ ਗੁਰਦੀਪ ਸਿੰਘ ਚੱਗਰ ਦਾ ਨਾਮ ਅੰਕਿਤ ਹੈ, ਜਿਸ ਨੂੰ 18 ਸਾਲ ਦੀ ਉਮਰ 'ਚ 1976 ਵਿੱਚ ਨਸਲੀ ਹਮਲੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਦੂਜੀ ਤਖ਼ਤੀ ਨਸਲਵਾਦ ਵਿਰੋਧੀ ਅਧਿਆਪਕ ਬਲੇਅਰ ਪੀਚ ਦੀ ਸੀ, ਜਿਸ ਨੂੰ 1979 ਵਿੱਚ ਕਤਲ ਕਰ ਦਿੱਤਾ ਗਿਆ ਸੀ। ਈਲਿੰਗ ਕੌਂਸਲ ਲੀਡਰ ਜੂਲੀਅਨ ਬੈੱਲ ਨੇ ਇਸ ਘਟਨਾ 'ਤੇ ਗਹਿਰੀ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਉਕਤ ਤਖ਼ਤੀਆਂ ਨੂੰ ਜ਼ਬਰਦਸਤੀ ਹਟਾਉਣ ਤੇ ਚੋਰੀ ਕੀਤੇ ਜਾਣਾ ਇੱਕ ਸ਼ਰਮਨਾਕ ਕਾਰਾ ਹੈ। ਇਸ ਘਟਨਾ ਸੰਬੰਧੀ ਪੁਲਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਕੋਲੋਂ ਜਾਣਕਾਰੀ ਦੀ ਮੰਗ ਕੀਤੀ ਗਈ ਹੈ।

PunjabKesari


Khushdeep Jassi

Content Editor

Related News