ਮਿਸਰ ''ਚ ਸੜਕ ਹਾਦਸੇ ਦੌਰਾਨ 3 ਚੀਨੀ ਸੈਲਾਨੀਆਂ ਦੀ ਮੌਤ
Wednesday, Apr 25, 2018 - 10:05 AM (IST)
ਕਾਹਿਰਾ— ਮਿਸਰ ਦੇ ਅਲੈਗਜ਼ੈਂਡਰੀਆ ਸ਼ਹਿਰ 'ਚ ਹੋਈ ਇਕ ਸੜਕ ਦੁਰਘਟਨਾ ਦੌਰਾਨ ਚੀਨ ਦੇ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਹੋਰ ਅੱਠ ਜ਼ਖਮੀ ਹੋ ਗਏ। ਸਰਕਾਰ ਨੇ ਅੱਜ ਇਕ ਬਿਆਨ 'ਚ ਦੱਸਿਆ ਕਿ ਜ਼ਖਮੀ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੇ ਨਾਂ ਸੰਬੰਧੀ ਅਜੇ ਜਾਣਕਾਰੀ ਨਹੀਂ ਮਿਲ ਸਕੀ ਅਤੇ ਨਾ ਹੀ ਉਨ੍ਹਾਂ ਦੀ ਉਮਰ ਸੰਬੰਧੀ ਕੁੱਝ ਪਤਾ ਲੱਗਾ ਹੈ।
ਜ਼ਿਕਰਯੋਗ ਹੈ ਕਿ ਸੈਲਾਨੀ ਉਦਯੋਗ ਮਿਸਰ ਦੀ ਆਮਦਨ ਦਾ ਮੁੱਖ ਸਰੋਤ ਹੈ ਪਰ 2011 'ਚ ਹੋਈ ਕ੍ਰਾਂਤੀ ਅਤੇ ਉਸ ਦੇ ਬਾਅਦ ਪੈਦਾ ਹੋਏ ਹਾਲਾਤ ਕਾਰਣ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ। ਇਸ ਦੇ ਇਲਾਵਾ 2015 'ਚ ਇਕ ਜਹਾਜ਼ ਦੁਰਘਟਨਾ ਕਾਰਨ ਸੈਲਾਨੀਆਂ ਦੀ ਗਿਣਤੀ ਕਾਫੀ ਘਟੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ 'ਚ ਰਾਜਨੀਤਕ ਸਥਿਰਤਾ 'ਚ ਹਾਲਾਤ ਕੁੱਝ ਸੁਧਰੇ ਹਨ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।