ਚੰਗੇ ਭਵਿੱਖ ਦੀ ਤਲਾਸ਼ ''ਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ

Sunday, Jun 18, 2023 - 01:01 AM (IST)

ਚੰਗੇ ਭਵਿੱਖ ਦੀ ਤਲਾਸ਼ ''ਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ

ਰੋਮ (ਦਲਵੀਰ ਕੈਂਥ, ਟੇਕ ਚੰਦ ਜਗਤਪੁਰੀ) : ਆਖਿਰ ਕਦੋਂ ਇਹ ਮੌਤ ਦਾ ਖੇਡ ਬੰਦ ਹੋਵੇਗਾ, ਜਦੋਂ ਕਿ ਹੁਣ ਤੱਕ ਭੂਮੱਧ ਸਾਗਰ ਹਜ਼ਾਰਾਂ ਲੋਕਾਂ ਦੇ ਘਰਾਂ ਦੇ ਚਿਰਾਗ ਸਦਾ ਵਾਸਤੇ ਬੁਝਾਅ ਚੁੱਕਾ ਹੈ ਪਰ ਫਿਰ ਵੀ ਬੇਰੁਜ਼ਗਾਰੀ ਦੇ ਝੰਬੇ ਲੋਕ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਛੋਟੀਆਂ ਕਿਸ਼ਤੀਆਂ ਵਿੱਚ ਜ਼ਿੰਦਗੀ ਦੀ ਵੱਡੀ ਯਾਤਰਾ ਕਰਨ ਨਿਕਲ ਤੁਰਦੇ ਹਨ। ਇਹ ਉਹ ਸਫ਼ਰ ਹੈ ਜਿਹੜਾ ਸਿੱਧਾ ਮੌਤ ਦਾ ਮੂੰਹ 'ਚੋਂ ਹੋ ਕੇ ਗੁਜ਼ਰਦਾ ਹੈ। ਅਜਿਹੇ ਹੀ ਸਫ਼ਰ ਦੇ ਬੀਤੇ ਦਿਨੀਂ ਪਾਂਧੀ ਬਣ ਗਏ ਉਹ ਔਰਤਾਂ ਮਰਦਾਂ ਸਮੇਤ 750 ਯਾਤਰੀ, ਜਿਨ੍ਹਾਂ ਵਿੱਚ 100 ਤੋਂ ਵੱਧ ਬੱਚੇ ਵੀ ਦੱਸੇ ਜਾ ਰਹੇ ਹਨ। ਇਹ ਮੱਛੀਆਂ ਫੜਨ ਵਾਲੀ ਕਿਸ਼ਤੀ ਜੋ ਕਿ ਲੀਬੀਆ ਤੋਂ ਇਟਲੀ ਨੂੰ ਯਾਤਰੀਆਂ ਨਾਲ ਨੱਕੋ-ਨੱਕ ਭਰੀ ਆ ਰਹੀ ਸੀ, ਗ੍ਰੀਸ ਨੇੜੇ ਭੂਮੱਧ ਸਾਗਰ ਦੀਆਂ ਉੱਚੀਆਂ ਲਹਿਰਾਂ ਤੋਂ ਨਾ ਬਚ ਸਕੀ, ਜਿਸ ਕਾਰਨ ਸੈਂਕੜੇ ਜ਼ਿੰਦਗੀਆਂ ਦਾ ਵਰਤਮਾਨ ਧੁੰਦਲਾ ਹੋ ਗਿਆ।

ਇਹ ਵੀ ਪੜ੍ਹੋ : ਭਾਰਤੀ ਬੱਚੀ ਅਰੀਹਾ ਸ਼ਾਹ ਦੇ ਮਾਂ-ਬਾਪ ਲਈ ਵੱਡਾ ਝਟਕਾ, ਬਰਲਿਨ ਦੀ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

PunjabKesari

ਲੀਬੀਆ ਤੋਂ ਇਟਲੀ ਦੀ ਇਹ ਯਾਤਰਾ 725 ਕਿਲੋਮੀਟਰ ਦੀ ਹੈ, ਜਿਹੜੀ ਕਿ ਕਦੀ ਨਾ ਮੁੱਕਣ ਵਾਲੀ ਯਾਤਰਾ ਬਣ ਗਈ। ਗ੍ਰੀਸ ਨੇੜੇ ਸਮੁੰਦਰੀ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਵਿੱਚ 500 ਤੋਂ ਵੀ ਵੱਧ ਮੌਤਾਂ ਦਾ ਖ਼ਦਸ਼ਾ ਹੈ। ਇਟਾਲੀਅਨ ਨੇਵੀ ਸ਼ਿਪ ਅਤੇ ਗ੍ਰੀਸ ਸਹਾਇਤਾ ਦਲਾਂ ਵੱਲੋਂ ਸਾਂਝਾ ਆਪ੍ਰੇਸ਼ਨ ਜਾਰੀ ਹੈ ਤਾਂ ਜੋ ਲਾਪਤਾ ਲੋਕਾਂ ਨੂੰ ਬਚਾਇਆ ਜਾ ਸਕੇ, ਜਦੋਂ ਕਿ ਹੁਣ ਤੱਕ 79 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 104 ਲੋਕਾਂ ਨੂੰ ਬਚਾ ਲਿਆ ਗਿਆ ਹੈ। 500 ਤੋਂ ਵੀ ਵੱਧ ਲੋਕ ਲਾਪਤਾ ਹਨ, ਜਿਨ੍ਹਾਂ ਦੇ ਬਚੇ ਹੋਣ ਦੀ ਉਮੀਦ ਨਾਮਾਤਰ ਹੀ ਹੈ ਕਿਉਂਕਿ ਪੇਲੋਪੋਨੇਸਾ ਗ੍ਰੀਸ ਕੋਲ ਸਮੁੰਦਰ ਦਾ ਉਹ ਇਲਾਕਾ ਹੈ, ਜਿਸ ਨੂੰ ਭੂਗੋਲਿਕ ਸਥਿਤੀ ਅਨੁਸਾਰ ਅਤਿ-ਖਤਰਨਾਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਸਰਕਾਰੀ ਦੌਰਾ ਭਾਰਤ-ਅਮਰੀਕਾ ਸਬੰਧਾਂ ਲਈ ਸਾਬਤ ਹੋਵੇਗਾ ਮੀਲ ਪੱਥਰ : ਰਾਜਦੂਤ ਸੰਧੂ

PunjabKesari

ਇਹ ਸਾਰੇ ਸ਼ਰਨਾਰਥੀ ਲੀਬੀਆ ਤੋਂ ਇਟਲੀ ਆ ਰਹੇ ਸਨ ਅਤੇ ਗ੍ਰੀਸ ਨੇੜੇ ਦੱਖਣ ਪੱਛਮੀ ਪੋਲੇਲਪਨੇਸੋ ਕੋਲ ਇਹ ਕਿਸ਼ਤੀ ਡੁੱਬ ਗਈ, ਜਿਸ ਦੀ ਵਜ੍ਹਾ ਇਸ ਵਿੱਚ ਲੋੜ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਨੂੰ ਮੰਨਿਆ ਜਾ ਰਿਹਾ ਹੈ। ਫਿਲਹਾਲ 2 ਇਟਾਲੀਅਨ ਤੇ ਇਕ ਗ੍ਰੀਸ ਨੇਵੀ ਸ਼ਿਪ ਤੋਂ ਇਲਾਵਾ 7 ਛੋਟੇ ਸ਼ਿਪ ਵੀ ਲਗਾਤਾਰ ਆਪ੍ਰੇਸ਼ਨ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਹੈਲੀਕਾਪਟਰ ਅਤੇ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈ ਅਤੇ ਬਚਾਅ ਦਲ, ਡਾਕਟਰੀ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ।

ਇਹ ਵੀ ਪੜ੍ਹੋ : 'ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ', US 'ਚ PM ਮੋਦੀ ਦੇ ਪਹੁੰਚਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਕੀਤਾ ਸਵਾਗਤ

PunjabKesari

ਮਿਲੀ ਜਾਣਕਾਰੀ ਅਨੁਸਾਰ ਮੌਤ ਦੀ ਯਾਤਰਾ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਚੰਗੇ ਭਵਿੱਖ ਦੀ ਆਸ ਵਿੱਚ ਡੌਂਕੀ ਲਵਾਉਣ ਵਾਲੇ ਲੋਕਾਂ ਨੂੰ 5000 ਡਾਲਰ ਤੱਕ ਪਰ ਬੰਦਾ ਦਿੱਤਾ ਸੀ ਪਰ ਵਕਤ ਦੇ ਧੱਕੇ ਚੜ੍ਹੇ ਇਨ੍ਹਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਉਹ ਪੈਸੇ ਦੇ ਕੇ ਮੌਤ ਮੁੱਲ ਖਰੀਦ ਰਹੇ ਸਨ। ਇਸ ਹਾਦਸੇ ਵਿੱਚ ਮਰਨ ਵਾਲੇ 4 ਰਿਸ਼ਤੇਦਾਰ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੀ ਘੱਟ ਸੀ, ਦੇ ਇਕ ਸਾਕ-ਸਬੰਧੀ ਸੀਰੀਆਈ ਸ਼ਾਹੀਨ ਸ਼ੇਖ ਅਲੀ ਜੋ ਕਿ ਜਰਮਨ ਵਿੱਚ ਪਨਾਹਗੀਰ ਹੈ, ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਉਹ ਇਸ ਅਣਹੋਣੀ ਵਿੱਚ ਸਫ਼ਰ ਕਰਨ ਵਾਲੇ 12 ਲੋਕਾਂ ਨੂੰ ਜਾਣਦਾ ਹੈ, ਜਿਹੜੇ ਕਿ ਹੁਣ ਤੱਕ ਲਾਪਤਾ ਹਨ। ਇਸ ਮੌਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਪਾਕਿਸਤਾਨੀ ਮੂਲ ਦੇ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News