ਚੀਨ ਦੀ ਅਮਰੀਕਾ ਨੂੰ ਧਮਕੀ- ‘ਤਾਈਵਾਨ ਦੀ ਆਜ਼ਾਦੀ ਦਾ ਮਤਲਬ ਜੰਗ’
Sunday, Jun 27, 2021 - 04:53 PM (IST)
ਬੀਜਿੰਗ– ਅਮਰੀਕਾ ਅਤੇ ਤਾਈਵਾਨ ਵਿਚਕਾਰ ਵਧਦੀਆਂ ਨਜ਼ਦੀਕੀਆਂ ਤੋਂ ਚਿੜਿਆਂ ਚੀਨ ਹੁਣ ਸਿੱਧੀਆਂ ਧਮਕੀਆਂ ’ਤੇ ਉਤਰ ਆਇਆ ਹੈ। ਚੀਨੀ ਰੱਖਿਆ ਮੰਤਰਾਲਾ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਤਾਈਵਾਨ ਨਾਲ ਫੌਜ ਦਾ ਸੰਪਰਕ ਤੋੜ ਲਵੇ। ਰੱਖਿਆ ਮੰਤਰਾਲਾ ਦੇ ਬੁਲਾਰੇ ਰੇਨ ਗੁਆਕਿਆਂਗ ਨੇ ਕਿਹਾ ਕਿ ਚੀਨ ਇਸ ਦੀਪ-ਦੇਸ਼ ਨੂੰ ਜੋੜਨ ’ਚ ਭਰੋਸਾ ਰੱਖਦਾ ਹੈ ਅਤੇ ਕਿਸੇ ਬਾਹਰੀ ਦਖਲ ਦਾ ਵਿਰੋਧ ਕਰਦਾ ਹੈ। ਉਨ੍ਹਾਂ ਅਮਰੀਕਾ ਨੂੰ ਤਾਈਵਾਨ ਨਾਲ ਸਾਰੇ ਫੌਜੀ ਸੰਬੰਧ ਤੋੜਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਚੀਨ ਨੇ ਜੀ-7 ਦੇਸ਼ਾਂ ਦੀ ਬੈਠਕ ’ਚ ਤਾਈਵਾਨ ਦਾ ਮੁੱਦਾ ਚੁੱਕੇ ਜਾਣ ’ਤੇ ਵੀ ਅਮਰੀਕਾ ਖਿਲਾਫ ਜ਼ਹਿਰ ਉਗਲਿਆ ਸੀ।
ਰੇਨ ਦਾ ਕਹਿਣਾ ਹੈ ਕਿ ਚੀਨ ਨੂੰ ਦੁਬਾਰਾ ਏਕੀਕ੍ਰਿਤ ਕਰਨਾ ਇਕ ਇਤਿਹਾਸਕ ਲੋੜ ਹੈ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਤਾਈਵਾਨ ਸਟ੍ਰੇਟ ’ਚ ਲੋਕ ਸ਼ਾਂਤੀ ਅਤੇ ਸਥਿਰਤਾ ਚਾਹੁੰਦੇ ਹਨ। ਤਾਈਵਾਨ ਦੀ ਆਜ਼ਾਦੀ ਦਾ ਕੋਈ ਫਲ ਨਹੀਂ ਹੈ ਅਤੇ ਉਸ ਦੇ ਪਿੱਛੇ ਦੌੜਨ ਦਾ ਮਤਲਬ ਹੈ ਜੰਗ। ਰੇਨ ਨੇ ਅਮਰੀਕਾ ਨੂੰ ਉਸ ਦੀ ਵਨ-ਚਾਈਨਾ ਪਾਲਿਸੀ ਦਾ ਪਾਲਣ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਪਿਛਲੇ ਹਫਤੇ ਚੀਨ ਨੇ ਤਾਈਵਾਨ ਵਲ 28 ਲੜਾਕੂ ਜਹਾਜ਼ ਭੇਜੇ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਹ ਦਾਅਵਾ ਕੀਤਾ ਸੀ। ਮੰਤਰਾਲਾ ਨੇ ਕਿਹਾ ਕਿ ਪਿਛਲੇ ਸਾਲ ਤੋਂ ਪੇਈਚਿੰਗ ਦੇ ਲੜਾਕੂ ਜਹਾਜ਼ ਲਗਭਗ ਰੋਜ਼ਾਨਾ ਤਾਈਵਾਨ ਵਲ ਉਡਾਣ ਭਰ ਰਹੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਗਿਣਤੀ ’ਚ ਇਕ ਹੀ ਦਿਨ ’ਚ ਅਜਿਹੇ ਜਹਾਜ਼ ਚੀਨ ਨੇ ਭੇਜੇ ਜਦਕਿ ਜੀ-7 ਦੇਸ਼ਾਂ ਨੇ ਇਸ ਲਈ ਚੀਨ ਨੂੰ ਨਿਸ਼ਾਨੇ ’ਤੇ ਲਿਆ ਸੀ। ਚੀਨ ਨੇ ਇਸ ਨੂੰ ਰੂਟੀਨ ਅਭਿਆਸ ਦੱਸਿਆ ਸੀ।
ਦੀ-7 ਸਮੂਹ ਦੇਸ਼ਾਂ ਦੇ ਨੇਤਾਵਾਂ ਨੇ ਬਿਆਨ ਜਾਰੀ ਕਰਕੇ ਤਾਈਵਾਨ ਤਣਾਅ ਮੁੱਦੇ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਉਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਚੀਨ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਕਿਹਾ ਸੀ ਕਿ ਜੀ-7 ਸਮੂਹ ਜਾਣਬੁੱਝ ਕੇ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇ ਰਿਹਾ ਹੈ।