ਅਮਰੀਕਾ ''ਚ ਬੇਰੋਜ਼ਗਾਰੀ ਦਰ ਡਿੱਗ ਕੇ 50 ਸਾਲ ਦੇ ਸਭ ਤੋਂ ਹੇਠਲੇ ਪੱਧਰ ''ਤੇ ਆਈ

12/07/2019 2:40:08 PM

ਨਵੀਂ ਦਿੱਲੀ — ਦੁਨੀਆ ਭਰ 'ਚ ਪਸਰੀ ਆਰਥਿਕ ਸੁਸਤੀ ਜਿਥੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਥੇ ਅਮਰੀਕੀ ਅਰਥਚਾਰੇ ਵਲੋਂ ਰਾਹਤ ਭਰੀ ਖਬਰ ਮਿਲੀ ਹੈ। ਅਮਰੀਕਾ ਦੇ ਕਿਰਤ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਰੋਜ਼ਗਾਰ ਸਥਿਤੀ 'ਤੇ ਜਾਰੀ ਮਹੀਨਾਵਾਰ ਰਿਪੋਰਟ ਅਨੁਸਾਰ ਨਵੰਬਰ ਮਹੀਨੇ 'ਚ ਬੇਰੋਜ਼ਗਾਰੀ ਦੀ ਦਰ 3.5 ਫੀਸਦੀ ਰਹੀ ਅਤੇ ਇਸ ਮਹੀਨੇ 'ਚ 2,66,000 ਨਵੀਂਆਂ ਨੌਕਰੀਆਂ ਜੋੜੀਆਂ ਗਈਆਂ ਹਨ।

 

ਇਨ੍ਹਾਂ ਸੈਕਟਰ 'ਚ ਹਨ ਜ਼ਿਆਦਾ ਨੌਕਰੀਆਂ

ਕਿਰਤ ਵਿਭਾਗ ਦੀ ਰਿਪੋਰਟ ਅਨੁਸਾਰ ਨਵੰਬਰ ਮਹੀਨੇ ਵਿਚ ਹੈਲਥਕੇਅਰ, ਹਾਸਪਿਟੈਲਿਟੀ, ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਸੈਕਟਰ ਵਿਚ ਸਭ ਤੋਂ ਜ਼ਿਆਦਾ ਨੌਕਰੀਆਂ ਨਿਕਲ ਰਹੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਕਤੂਬਰ ਮਹੀਨੇ ਵਿਚ ਜਨਰਲ ਮੋਟਰਜ਼ ਦੀ ਹੜਤਾਲ ਦੇ ਕਾਰਨ ਵੀ ਨਵੰਬਰ ਮਹੀਨੇ ਵਿਚ ਜ਼ਿਆਦਾ ਨੌਕਰੀਆਂ ਦੇਣ 'ਚ ਸਹਾਇਤਾ ਮਿਲੀ ਹੈ। ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਨਾਨ ਫਾਰਮ ਪੇਰੋਲ 'ਤੇ 2,66,000 ਨੌਕਰੀਆਂ ਪੈਦਾ ਹੋਈਆਂ ਹਨ। ਅੰਕੜਿਆਂ ਅਨੁਸਾਰ ਅਮਰੀਕਾ ਵਿਚ 2019 'ਚ ਜੋਬ ਗ੍ਰੋਥ ਹੁਣ ਤੱਕ 1,80,000 ਪ੍ਰਤੀ ਮਹੀਨਾ ਰਹੀ ਹੈ। ਹਾਲਾਂਕਿ ਇਹ ਪਿਛਲੇ ਸਾਲ ਮਹੀਨਾਵਾਰ ਔਸਤ 2,23,000 ਨੌਕਰੀਆਂ ਪ੍ਰਤੀ ਮਹੀਨਾ ਤੋਂ ਘੱਟ ਹੈ। ਅਮਰੀਕੀ ਮੀਡੀਆ ਅਨੁਸਾਰ ਜ਼ਿਆਦਾਤਰ ਅਰਥਸ਼ਾਸਤਰੀਆਂ ਨੇ ਨਵੰਬਰ ਵਿਚ 2 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਜ਼ਾਹਰ ਕੀਤੀ ਸੀ। ਇਸ ਤੋਂ ਪਹਿਲਾਂ 1969 'ਚ ਵੀ ਬੇਰੋਜ਼ਗਾਰੀ ਦਰ 3.5 ਫੀਸਦੀ ਰਹੀ ਸੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਲਾਹਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਬੇਰਜ਼ੋਗਾਰੀ ਦਰ ਦੇ ਨਵੇਂ ਅੰਕੜਿਆਂ ਦੇ ਸਾਹਮਣੇ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਲਾਹਣਾ ਕੀਤੀ ਹੈ। ਟਰੰਪ ਨੇ ਟਵਿੱਟਰ 'ਤੇ ਕਿਹਾ, 'ਗ੍ਰੇਟ ਜੋਬ ਰਿਪੋਰਟ!' ਨਵੇਂ ਮਜ਼ਬੂਤ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਗਲੋਬਲ ਆਰਥਿਕ ਸੁਸਤੀ ਅਤੇ ਚੀਨ ਸਮੇਤ ਕਈ ਦੇਸ਼ਾਂ ਨਾਲ ਚਲ ਰਹੇ ਟ੍ਰੇਡ ਵਾਰ ਦੇ ਬਾਵਜੂਦ ਅਮਰੀਕਾ ਦੀ ਅਰਥਵਿਵਸਥਾ ਅਜੇ ਵੀ ਮਜ਼ਬੂਤ ਬਣੀ ਹੋਈ ਹੈ। ਨਵੇਂ ਅੰਕੜਿਆਂ ਤੋਂ ਕੇਂਦਰੀ ਬੈਂਕ ਅਮਰੀਕੀ ਫੈਡਰਲ ਰਿਜ਼ਰਵ ਨੂੰ ਬੇਂਚਮਾਰਕ ਵਿਆਜ ਦਰਾਂ ਨੂੰ ਟੀਚੇ ਦੇ ਅਨੁਸਾਰ 1.5 ਫੀਸਦੀ ਤੋਂ 1.75 ਫੀਸਦੀ ਵਿਚਕਾਰ ਰੱਖਣ 'ਚ ਸਹਾਇਤਾ ਮਿਲੇਗੀ। ਫੈਡਰਲ ਰਿਜ਼ਰਵ ਦੀ ਪਾਲਸੀ ਬਣਾਉਣ ਵਾਲੀ ਕਮੇਟੀ ਦੀ ਅਗਲੀ ਬੈਠਕ 10-11 ਦਸੰਬਰ ਨੂੰ ਹੋਵੇਗੀ।
 


Related News