ਭਾਰਤ-ਚੀਨ ਵਿਚਕਾਰ ਸਬੰਧ ਸ਼ੀਤ ਯੁੱਧ ਵਰਗੇ: ਅਮਰੀਕਾ

02/03/2018 5:26:00 PM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੀ ਇਕ ਸਾਬਕਾ ਡਿਪਲੋਮੈਟ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ 'ਸ਼ੀਤ ਯੁੱਧ ਵਰਗੇ' ਸਬੰਧ ਬਣ ਰਹੇ ਹਨ ਪਰ ਬੀਜਿੰਗ ਨੂੰ ਕੰਟਰੋਲ ਕਰਨ ਲਈ ਅਮਰੀਕੀ ਅਗਵਾਈ ਵਾਲੇ ਕਿਸੇ ਮੋਰਚੇ ਵਿਚ ਭਾਰਤ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਵਿਚ ਕੰਮ ਕਰ ਚੁੱਕੀ ਏਲੀਜਾ ਆਇਰਸ ਨੇ ਇਹ ਗੱਲ ਪਿਛਲੇ ਹਫਤੇ ਆਪਣੀ ਪੁਸਤਕ 'ਅਵਰ ਆਈ ਹੈਜ਼ ਕਮ: ਹਾਓ ਇੰਡੀਆ ਇਜ਼ ਮੇਕਿੰਗ ਇਟਸ ਪਲੇਅ ਇਨ ਦਿ ਵਰਲਡ' ਦੇ ਰੀਲਿਜ਼ ਦੌਰਾਨ ਕਹੀ। ਉਨ੍ਹਾਂ ਨੇ ਕਿਹਾ, 'ਸ਼ੀਤਯੁੱਧ ਵਰਗੇ ਸਬੰਧ ਬਣ ਰਹੇ ਹਨ। ਭਾਰਤ ਅਤੇ ਚੀਨ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਹਨ ਪਰ ਇਹ ਭਾਰਤ ਲਈ ਜ਼ਿਆਦਾ ਸੰਤੋਖਜਨਕ ਨਹੀਂ ਹਨ ਅਤੇ ਇਨ੍ਹਾਂ ਵਿਚੋਂ ਹੀ ਮਿਲਦੇ-ਜੁਲਦੇ ਕਈ ਅਜਿਹੇ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਅਮਰੀਕਾ ਵੀ ਚੀਨ ਨਾਲ ਵਪਾਰ ਸਬੰਧਾ ਤੋਂ ਸੰਤੁਸ਼ਟ ਨਹੀਂ ਹੈ।
ਵਿਦੇਸ਼ ਸਬੰਧ ਪ੍ਰੀਸ਼ਦ ਵਿਚ ਵਰਤਮਾਨ ਵਿਚ ਫੇਲੋ ਏਲੀਜਾ ਨੇ ਭਾਰਤ ਚੀਨ ਵਿਚਕਾਰ ਸਬੰਧਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਕਿਹਾ, 'ਮੇਰਾ ਮੰਨਣਾ ਹੈ ਕਿ ਹਿੰਦ ਮਹਾਸਾਗਰ ਵਿਚ ਚੀਨ ਜਿਸ ਤਰ੍ਹਾਂ ਨਾਲ ਆਪਣਾ ਪ੍ਰਭਾਵ ਵਧਾ ਰਿਹਾ ਹੈ ਅਤੇ ਜਿਬੂਤੀ ਵਿਚ ਉਸ ਦਾ ਅੱਡਾ ਹੈ, ਉਸ ਨਾਲ ਭਾਰਤ ਪ੍ਰੇਸ਼ਾਨ ਹੈ।' ਉਨ੍ਹਾਂ ਕਿਹਾ ਇਸ ਤੋਂ ਇਲਾਵਾ ਚੀਨ ਦੇ ਪਾਕਿਸਤਾਨ, ਸ਼੍ਰੀਲੰਕਾ ਨਾਲ ਬਣਦੇ ਡੂੰਘੇ ਰਿਸ਼ਤੇ ਅਤੇ ਉਹ ਦੋਵਾਂ ਦੇਸ਼ਾਂ ਵਿਚ ਜਿਸ ਤਰ੍ਹਾਂ ਨਾਲ ਭਾਰੀ ਨਿਵੇਸ਼ ਕਰ ਰਿਹਾ ਹੈ, ਉਸ ਨਾਲ ਵੀ ਭਾਰਤ ਪ੍ਰੇਸ਼ਾਨ ਹੋ ਸਕਦਾ ਹੈ। ਅਮਰੀਕਾ ਵਿਚ ਅਜਿਹੀ ਧਾਰਨਾ ਹੈ ਕਿ ਬੀਜਿੰਗ ਨੂੰ ਕੰਟਰੋਲ ਕਰਨ ਲਈ ਨਵੀਂ ਦਿੱਲੀ (ਭਾਰਤ) ਚੰਗਾ ਬਦਲ ਹੈ, ਇਸ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਭਾਰਤ ਅਜਿਹੀ ਕਿਸੇ ਵੀ ਪਹਿਲ ਦਾ ਹਿੱਸਾ ਬਣੇਗਾ। ਏਲੀਜਾ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਭਾਰਤ ਚੀਨ ਨੂੰ ਕੰਟਰੋਲ ਕਰਨ ਲਈ ਅਮਰੀਕੀ ਅਗਵਾਈ ਵਾਲੇ ਕਿਸੇ ਅਭਿਆਨ ਵਿਚ ਸ਼ਾਮਲ ਨਹੀਂ ਹੋਵੇਗਾ। ਭਾਰਤ ਅਜਿਹਾ ਨਹੀਂ ਕਰਨਾ ਚਾਹੁੰਦਾ। ਉਹ ਆਪਣੇ ਹਿੱਤਾਂ ਦੀ ਰੱਖਿਆ ਕਰਨਾ ਚਾਹੁੰਦਾ ਹੈ। ਉਹ ਉਦਾਰ ਵਿਸ਼ਵ ਵਿਵਸਥਾ ਨੂੰ ਬਣਾਏ ਰੱਖਣਾ ਚਾਹੁੰਦਾ ਹੈ।


Related News