ਰਾਸ਼ਟਰਪਤੀ ਨੇ ਅਕਤੂਬਰ ’ਚ ਸੰਸਦੀ ਚੋਣਾਂ ਕਰਾਉਣ ਦਾ ਦਿੱਤਾ ਸੱਦਾ
Tuesday, Aug 27, 2024 - 06:35 PM (IST)
ਸੋਫੀਆ - ਬੁਲਗੇਰੀਆ ਦੇ ਰਾਸ਼ਟਰਪਤੀ ਨੇ ਅਕਤੂਬਰ ’ਚ ਦੇਸ਼ ’ਚ ਸੰਸਦੀ ਚੋਣਾਂ ਦਾ ਐਲਾਨ ਕੀਤਾ ਹੈ, ਜੋ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਰਵਾਈ ਜਾਣਗੀਆਂ। ਇਸ ਕਦਮ ਨੂੰ ਯੂਰਪੀ ਸੰਘ ਅਤੇ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ਾਂ ਨੂੰ ਸਿਆਸੀ ਰੁਕਾਵਟਾਂ ਅਤੇ ਆਰਥਿਕ ਮਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਰੂਮੇਨ ਰਾਡੇਵ ਨੇ 27 ਅਕਤੂਬਰ ਨੂੰ ਵੋਟਾਂ ਦਾ ਐਲਾਨ ਕੀਤਾ ਹੈ ਜੋ ਤਿੰਨ ਸਾਲਾਂ ’ਚ ਬੁਲਗੇਰੀਆ ਦੀ ਸੱਤਵੀਂ ਚੋਣ ਹੋਵੇਗੀ। ਰਾਦੇਵ ਨੇ ਵੋਟਿੰਗ ਤੱਕ ਅੰਤ੍ਰਿਮ ਸਰਕਾਰ ਦੀ ਲੀਡਰਸ਼ਿਪ ਕਰਨ ਲਈ ਦਿਮਿਤਾਰ ਗਲੈਚੇਵ ਨੂੰ ਫਿਰ ਤੋਂ ਨਿਯੁਕਤ ਕੀਤਾ ਹੈ। ਇਸ ਤੋਂ ਬਾਅਦ ਅੰਤ੍ਰਿਮ ਸਰਕਾਰ ਦੇ ਮੰਤਰੀ ਮੰਡਲ ਨੇ ਸੰਸਦ ’ਚ ਸੰਹੂ ਚੁੱਕੀ।
ਰਾਡੇਵ ਨੇ ਸੰਹੂ-ਚੁੱਕ ਸਮਾਗਮ ਤੋਂ ਪਹਿਲਾਂ ਕਿਹਾ ਕਿ ਸਿਆਸੀ ਸੰਕਟ ਅਜੇ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸਦਾ ਹੱਲ ਉਦੋਂ ਨਿਕਲ ਸਕੇਗਾ ਜਦੋਂ ਸੰਸਦ ਸਥਾਈ ਬਹੁਮਤ ਹਾਸਲ ਕਰੇਗੀ। ਯੂਰਪੀ ਸੰਘ ਦੇ ਮੈਂਬਰ ਦੇਸ਼ ਬੁਲਗੇਰੀਆ 2020 ਤੋਂ ਹੀ ਸਿਆਸੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਲਗਭਗ 67 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ’ਚ, ਸਰਕਾਰੀ ਸੰਸਥਾਵਾਂ ’ਤੇ ਕੁਲੀਨ ਵਰਗਾਂ ਦੇ ਕੰਟ੍ਰੋਲਰ ਦੇ ਇਲਜ਼ਾਮਾਂ ਦੇ ਤਹਿਤ 2020 ’ਚ ਵੱਡੇ ਪੱਧਰ 'ਤੇ ਭ੍ਰਿਸ਼ਟ ਨੇਤਾਵਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਹਾਲਾਂਕਿ ਪਿਛਲੇ ਛੇ ਚੋਣਾਂ ’ਚੋਂ ਸਿਰਫ ਦੋ ’ਚ ਹੀ ਚੁਣੇ ਗਏ ਸਰਕਾਰ ਬਣ ਸਕੀ ਹੈ।
ਦੋਵੇਂ ਵਾਰ ਸਰਕਾਰੀ ਨੇਤਾਵਾਂ 'ਤੇ ਭ੍ਰਿਸ਼ਟਾਚਾਰ ਅਤੇ ਦੇਸ਼ ਦੀ ਊਰਜਾ ਅਤੇ ਸੁਰੱਖਿਆ ਦੀ ਅਣਦੇਖੀ ਦੇ ਇਲਜ਼ਾਮ ਲੱਗੇ ਹਨ, ਜਿਸ ਕਰਕੇ ਸਰਕਾਰ ਡਿੱਗ ਗਈ। ਜੂਨ ’ਚ ਹੋਈ ਪਿਛਲੀ ਚੋਣ ’ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਸਕੀ। ਤਿੰਨ ਵਾਰੀ ਪ੍ਰਧਾਨ ਮੰਤਰੀ ਰਹੇ ਬੋਯਕੋ ਬੋਰਿਸੋਵ ਦੀ ਜੀ.ਈ.ਆਰ.ਬੀ. ਪਾਰਟੀ ਨੇ 68 ਸੀਟਾਂ ਜਿੱਤੀਆਂ ਸਨ ਪਰ 240 ਸੀਟਾਂ ਵਾਲੀ ਸੰਸਦ ’ਚ ਇਹ ਬਹੁਮਤ ਤੋਂ ਕਾਫੀ ਘੱਟ ਸੀ ਅਤੇ ਇਸ ਨੂੰ ਕੋਈ ਗਠਜੋੜ ਸਹਿਯੋਗੀ ਨਹੀਂ ਮਿਲ ਸਕਿਆ।