ਧਰਤੀ ਦੀ ਸਭ ਤੋਂ ਗਰਮ ਥਾਂ ਹੈ ਪਾਕਿਸਤਾਨ ਦਾ ਇਹ ਸ਼ਹਿਰ ! ਆਸਮਾਨ ਤੋਂ ਵਰ੍ਹਦੀ ਹੈ ਅੱਗ
Friday, Jul 02, 2021 - 03:11 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਕਾਰਨ ਭਾਰਤ ਦੇ ਕਈ ਸੂਬਿਆਂ ’ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਪਰ ਪਾਕਿਸਤਾਨ ’ਚ ਗਰਮੀ ਕਾਰਨ ਹਾਲਾਤ ਬਹੁਤ ਖਰਾਬ ਹਨ। ਇਥੇ ਤਾਪਮਾਨ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਥੋਂ ਦਾ ਇਕ ਸ਼ਹਿਰ ਧਰਤੀ ਦੀ ਸਭ ਤੋਂ ਗਰਮ ਥਾਂ ਬਣ ਗਿਆ ਹੈ। ਪਾਕਿਸਤਾਨ ’ਚ ਤਾਪਮਾਨ ਵਧ ਕੇ 52 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਸਭ ਤੋਂ ਜ਼ਿਆਦਾ ਗਰਮੀ ਜਿਸ ਸ਼ਹਿਰ ਵਿਚ ਪੈ ਰਹੀ ਹੈ, ਉਸ ਦਾ ਨਾਂ ਜੈਕੋਬਾਬਾਦ ਹੈ। ਇਹ ਸਿੰਧ ਸੂਬੇ ’ਚ ਸਥਿਤ ਹੈ। ਇਥੇ ਤਾਪਮਾਨ ਇੰਨਾ ਜ਼ਿਆਦਾ ਹੈ ਕਿ ਇਨਸਾਨੀ ਸਰੀਰ ਸਹਿਣ ਨਹੀਂ ਕਰ ਸਕਦਾ। ਲੂ ਕਾਰਣ ਸੜਕਾਂ ਸੁੰਨਸਾਨ ਹੋ ਗਈਆਂ ਹਨ ਪਰ ਲੋਕਾਂ ਨੂੰ ਘਰਾਂ ਵਿਚ ਵੀ ਰਾਹਤ ਨਹੀਂ ਹੈ ਕਿਉਂਕਿ ਧਰਤੀ ਬੁਰੀ ਤਰ੍ਹਾਂ ਗਰਮ ਹੋ ਗਈ ਹੈ। ਇਥੇ ਬਹੁਤ ਹੀ ਘੱਟ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਏ. ਸੀ. ਹਨ ਪਰ ਉਨ੍ਹਾਂ ਨੂੰ ਵੀ ਬਿਜਲੀ ਦੀ ਕਟੌਤੀ ਦਾ ਸਾਹਮਣਾ ਕਰਨ ਕਰ ਕੇ ਮੁਸ਼ਕਿਲ ਆ ਰਹੀ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਗਰਮੀ ਤੇ ਨਮੀ ਕਾਰਨ ਜੈਕੋਬਾਬਾਦ ਦੁਨੀਆ ਦੀਆਂ ਦੋ ਸਭ ਤੋਂ ਗਰਮ ਥਾਵਾਂ ’ਚ ਸ਼ਾਮਲ ਹੋ ਗਿਆ ਹੈ। ਇਸ ਸ਼ਹਿਰ ਤੋਂ ਇਲਾਵਾ ਦੁਬਈ ਸਥਿਤ ਰਾਸ ਅਲ ਖਮਾਹ ’ਚ ਵੀ ਤਾਪਮਾਨ ਕਾਫ਼ੀ ਜ਼ਿਆਦਾ ਹੈ। ਹਾਲਾਂਕਿ ਇਥੇ ਬਿਜਲੀ ਕਟੌਤੀ ਦੀ ਮੁਸ਼ਕਿਲ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਆ ਰਹੀ। ਜੈਕੋਬਾਬਾਦ ਦੇ ਲੋਕ ਇਸ ਸਮੇਂ ਬਰਫ਼ ਤੇ ਪੱਖੇ ਦੇ ਸਹਾਰੇ ਹੀ ਜੀਅ ਰਹੇ ਹਨ। ਕਈ ਥਾਵਾਂ ’ਤੇ ਲੋਕਾਂ ਨੇ ਨਹਿਰਾਂ ’ਚ ਨਹਾ ਕੇ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਪਾਣੀ ਵੀ ਗਰਮ ਹੈ। ਇਥੇ ਹਮੇਸ਼ਾ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਜਿਸ ਕਾਰਨ ਵੱਡੀ ਗਿਣਤੀ ਲੋਕ ਆਪਣੀ ਜਾਨ ਗੁਆਉਂਦੇ ਹਨ।
ਕਿਉਂ ਇੰਨਾ ਗਰਮ ਹੈ ਜੈਕੋਬਾਬਾਦ
ਬ੍ਰਿਟੇਨ ਦੀ ਲੌਘਬੋਰੈਘ ਯੂਨੀਵਰਸਿਟੀ ’ਚ ਕਲਾਈਮੈਂਟ ਸਾਇੰਸ ਦੇ ਸੀਨੀਅਰ ਲੈਕਚਰਾਰ ਟਾਮ ਮੈਥਿਊਜ਼ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਅੱਜ ਵੀ ਗਰਮੀ ਦਾ ਕੇਂਦਰ ਬਣੀ ਹੋਈ ਹੈ। ਜੈਕੋਬਾਬਾਦ ਟ੍ਰਾਪਿਕ ਆਫ ਕੈਂਸਰ ’ਚ ਪੈਂਦਾ ਹੈ, ਜਿਸ ਕਾਰਨ ਉਸ ਨੂੰ ਸਿੱਧੇ ਸੂਰਜ ਦੀ ਗਰਮੀ ਝੱਲਣੀ ਪੈਂਦੀ ਹੈ। ਅਰਬ ਸਾਗਰ ਦੀਆਂ ਗਰਮ ਹਵਾਵਾਂ ਕਾਰਨ ਤਾਪਮਾਨ ਬਹੁਤ ਬੁਰੀ ਤਰ੍ਹਾਂ ਵਧਦਾ ਜਾ ਰਿਹਾ ਹੈ। ਹਾਲਾਂਕਿ ਜਲਵਾਯੂ ਪਰਿਵਰਤਨ ਕਾਰਣ ਦੁਨੀਆ ਦੀਆਂ ਬਾਕੀ ਥਾਵਾਂ ਵਿਚ ਵੀ ਤਾਪਮਾਨ ਵਧ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਠੰਡੇ ਆਰਟਿਕ ਖੇਤਰ ਵਿਚ ਦੁਨੀਆ ਦਾ ਸਭ ਤੋਂ ਠੰਡਾ ਸਾਇਬੇਰੀਆ ਵੀ ਗਰਮ ਲਹਿਰਾਂ ਦਾ ਅਹਿਸਾਸ ਕਰ ਰਿਹਾ ਹੈ।