ਇਜ਼ਰਾਈਲੀ ਸ਼ਹਿਰਾਂ ਵਿਚ ਜੰਗ ਦਾ ਖੌਫ, ਲਗਾਤਾਰ ਹੋ ਰਹੀ ਗੋਲਾਬਾਰੀ ਤੋਂ ਸਹਿਮੇ ਲੋਕ

Saturday, Aug 10, 2024 - 04:49 PM (IST)

ਇਜ਼ਰਾਈਲੀ ਸ਼ਹਿਰਾਂ ਵਿਚ ਜੰਗ ਦਾ ਖੌਫ, ਲਗਾਤਾਰ ਹੋ ਰਹੀ ਗੋਲਾਬਾਰੀ ਤੋਂ ਸਹਿਮੇ ਲੋਕ

ਇੰਟਰਨੈਸ਼ਨਲ ਡੈਸਕ - ਗਾਜ਼ਾ ਦੇ ਇਲਾਵਾ ਮਿਡਲ-ਈਸਟ ਵਿਚ ਇਕ ਹੋਰ ਥਾਂ ਹੈ ਜਿੱਥੋਂ ਦੇ ਲੋਕ ਪਿਛਲੇ 300 ਤੋਂ ਜ਼ਿਆਦਾ ਦਿਨਾਂ ਤੋਂ ਹਮਲਿਆਂ ਦਰਮਿਆਨ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ ਦਰਮਿਆਨ ਲਿਬਨਾਨ ਦੇ ਹਿੱਜਬੁੱਲਾ ਸੰਗਠਨਾਂ ਦੇ ਵੱਲੋਂ ਲਗਾਤਾਰ ਫਾਇਰਿੰਗ ਜਾਰੀ ਹੈ। ਲਿਬਨਾਨ ਸਰਹੱਦ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ 77 ਹਜ਼ਾਰ ਦੀ ਆਬਾਦੀ ਵਾਲੇ ਕੰਡਿਆਲੀ ਨਾਹਰੀਆ ਵਿਚ ਲੋਕਾਂ ਵਿਚ ਹੁਣ ਜੰਗ ਵਿਚ ਦਹਿਸ਼ਤ ਵਧ ਗਈ ਹੈ। ਹਮਾਸ ਦੇ ਨੇਤਾ ਹਾਨੀਆ ਅਤੇ ਲਿਬਾਨਾਨ ਦੇ ਕਮਾਂਡਰ ਦੀ ਮੌਤ ਦੇ ਬਾਅਦ ਤਣਾਅ ਸਿਖਰ ਉਤੇ ਹੈ। ਨਾਹਰੀਆ ਦੇ ਨਿਵਾਸੀਆਂ ਦਰਮਿਆਨ ਤਣਾਅ ਦਾ ਮਾਹੌਲ ਹੈ ਕਿਉਂਕਿ ਉਹ ਲਿਬਾਨਾਨ ਦੇ ਹਿੱਜਬੁੱਲਾ ਦੇ ਨਾਲ ਜੰਗ ਦੇ ਵਧਦੇ ਖਤਰੇ ਦਰਮਿਆਨ ਆਪਣੀ ਰੋਜ਼ਾਨਾ ਦੀ ਜ਼ਿੰਦਗੀ  ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਇਜ਼ਰਾਇਲੀ ਸ਼ਹਿਰ ਵਿਚ ਹਿੱਜਬੁੱਲਾ ਲੜਾਕੇ ਪਿਛਲੇ 10 ਮਹੀਨਿਆਂ ਤੋਂ ਗੋਲਾਬਾਰੀ ਕਰ ਰਹੇ ਹਨ।
ਬੱਚਿਆਂ ਨੂੰ ਘਬਰਾਹਟ ਦੇ ਦੌਰੇ, ਪ੍ਰਸ਼ਾਸਨ ਨੇ ਤੇਜ਼ ਤਿਆਰੀਆਂ ਸ਼ੁਰੂ ਕੀਤੀਆਂ
40 ਸਾਲਾ ਲਿਜ ਲੇਵੀ ਨਾਹਰੀਆ ਵਿਚ ਆਪਣੇ ਤਿੰਨ ਬੱਚਿਆਂ ਨਾਲ ਰਹਿੰਦੀ ਹੈ ਅਤੇ ਕਹਿੰਦੀ ਹੈ ਕਿ ਜੰਗ ਉਨ੍ਹਾਂ ਦੇ ਪਰਿਵਾਰ ਉਤੇ ਮਾਨਸਿਕ ਪ੍ਰਭਾਵ ਪਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਪਹਿਲੇ ਮੈਨੂੰ ਘਬਰਾਹਟ ਦਾ ਦੌਰਾ ਪਿਆ। ਹਰ ਤਿੰਨ ਦਿਨ ਵਿਚ ਇਕ ਸਾਇਰਨ ਵੱਜਦਾ ਹੈ। ਇਹ ਬੜਾ ਡਰਾਉਣ ਵਾਲਾ ਹੈ। ਲੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਜੰਗ ਦੇ ਮਾਹੌਲ ਵਿਚ ਆਪਣੇ ਬੱਚਿਆਂ ਨੂੰ ਪਾਲਣ ਦੀ ਚਿੰਤਾ ਹੈ। ਉਨ੍ਹਾਂ ਦੇ ਬੱਚੇ ਜਦ ਵੀ ਸਾਇਰਨ ਦੀ  ਆਵਾਜ਼ ਸੁਣਦੇ ਹਨ, ਉਹ ਰੋਣ ਲੱਗਦੇ ਹਨ।ਉਨ੍ਹਾਂ ਨੇ ਕਿਹਾ ਕਿ ਮੇਰੀ ਬੇਟੀ 7 ਸਾਲ ਦੀ ਹੈ ਅਤੇ ਉਸ  ਵੀ ਘਬਰਾਹਟ ਦਾ ਦੌਰਾ ਪਿਆ। 
23 ਸਾਲ ਦੀ ਸ਼ਿਰਾ ਜੋਨਾਂ ਨੇ ਦੱਸਿਆ ਕਿ ਅਸੀਂ ਫਰੰਟਲਾਈਨ 'ਤੇ ਹਾਂ। ਉਹ (ਹਿਜ਼ਬੁੱਲਾ) ਸਾਡੇ ਵੱਲ ਇਸ਼ਾਰਾ ਕਰ ਰਹੇ ਹਨ। ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਸਾਡੇ ਨੇੜੇ ਆ ਰਹਾ ਹੈ। ਨਾਹਰੀਆ ਨਗਰ ਪਾਲਿਕਾ ਨੇ 40 ਸ਼ੈਲਟਰ ਬਣਾਏ ਹਨ ਅਤੇ ਐਮਰਜੈਂਸੀ ਮੁਲਾਜ਼ਮਾਂ ਨੂੰ ਤਿਆਰ ਕਰਨ ਲਈ ਕਈ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤੇ ਹਨ। 
ਈਰਾਨੀ ਰਾਸ਼ਟਰਪਤੀ ਪੂਰਨ ਜੰਗ ਤੋਂ ਬਚ ਰਹੇ, ਇਰਾਨੀ ਫੌਜ ਸਹਿਮਤ ਨਹੀਂ : ਰਿਪੋਰਟ
ਟੈਲੀਗ੍ਰਾਫ ਦੀ ਇਕ ਰਿਪੋਰਟ ਦੇ ਅਨੁਸਾਰ, ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਹਮਾਸ ਦੇ ਨੇਤਾ ਇਸਮਾਈਲ ਹਾਨੀਯਾ ਦੀ ਹੱਤਿਆ ਦੇ ਮਾਮਲੇ ਵਿਚ ਇਜ਼ਰਾਈਲ ਦੇ ਖ਼ਿਲਾਫ਼ ਫੌਜ ਦੀ ਪ੍ਰਤੀਕਿਰਿਆ ਦੀ ਸਤਰ ਨੂੰ ਨਰਮ ਕਰਨ ਲਈ ਕੱਟਰਪੰਥੀਆਂ ਨਾਲ ਲੜ ਰਹੇ ਹਨ। ਇਰਾਨੀ ਫੌਜ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਤੇਲ ਅਵੀਵ ਅਤੇ ਹੋਰ ਸ਼ਹਿਰਾਂ ਵਿਚ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੇਜੇਸ਼ਕੀਅਨ ਦਬਾਅ ਪਾ ਰਹੇ ਹਨ ਕਿ ਫੌਜ ਮੋਸਾਦ ਦੇ ਖੁਫੀਆ ਜਾਸੂਸੀ ਥਾਵਾਂ ਉਤੇ ਹਮਲਾ ਕਰੇ।

ਖਾਨ ਯੂਨਿਸ ਵਿਚ ਆਈ.ਡੀ. ਐੱਫ. ਦੀ ਮੁਹਿੰਮ, 30 ਖੇਤਰ ਖਾਲੀ ਕਰਨ ਦਾ ਹੁਕਮ

ਇਜ਼ਰਾਈਲੀ ਫੌਜ (ਆਈ ਡੀ ਐਅਫ.) ਨੇ ਸ਼ੁੱਕਰਵਾਰ ਨੂੰ ਦੱਖਣੀ ਗਾਜ਼ਾ ਪੱਟੀ ਦੇ ਖਾਨ ਯੂਨਿਸ ਵਿਚ ਨਵੀਂ ਮੁਹਿੰਮ  ਸ਼ੁਰੂ ਕੀਤੀ ਅਤੇ ਲੋਕਾਂ ਨੂੰ 30 ਖੇਤਰ ਖਾਲੀ ਕਰਨ ਦਾ ਹੁਕਮ ਦਿੱਤਾ। ਵਾਰ-ਵਾਰ ਦੇ ਵਿਸਥਾਪਨ ਦੇ ਹੁਕਮਾਂ ਕਾਰਨ, 23 ਲੱਖ ਦੀ ਆਬਾਦੀ ਵਾਲੇ ਗਾਜ਼ਾ ਦੇ ਬਹੁਤ ਸਾਰੇ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ। ਹੁਣ 19 ਲੱਖ ਲੋਕ ਅਲ-ਮਵਾਸੀ ਮਨੁੱਖੀ ਖੇਤਰ ਵਿਚ ਰਹਿ ਰਹੇ ਹਨ। ਇੱਥੇ ਸ਼ੁੱਕਰਵਾਰ ਨੂੰ ਹੋਏ ਹਮਲੇ ਵਿਚ 5 ਲੋਕ ਮਾਰੇ ਗਏ ਹਨ ਅਤੇ ਗਾਜ਼ਾ ਵਿੱਚ 10 ਸਾਲ ਤੋਂ ਘੱਟ ਉਮਰ ਦੇ ਇਕ ਹਜ਼ਾਰ ਬੱਚਿਆਂ ਨੇ ਘੱਟੋ-ਘੱਟ ਇਕ ਹੱਥ ਜਾਂ ਪੈਰ ਗੁਆਇਆ ਹੈ। 
 


author

DILSHER

Content Editor

Related News