ਮਸ਼ਹੂਰ ਈਰਾਨੀ ਫ਼ਿਲਮ ਨਿਰਦੇਸ਼ਕ ਤੇ ਉਸ ਦੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ

10/15/2023 4:26:25 PM

ਤਹਿਰਾਨ (ਏ. ਪੀ.)– ਇਕ ਅਣਪਛਾਤੇ ਹਮਲਾਵਰ ਨੇ ਮਸ਼ਹੂਰ ਈਰਾਨੀ ਫ਼ਿਲਮ ਨਿਰਦੇਸ਼ਕ ਦਾਰੀਉਸ਼ ਮੇਹਰਜੁਈ ਦੇ ਘਰ ’ਚ ਦਾਖ਼ਲ ਹੋ ਕੇ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਦੀ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਰਕਾਰੀ ਸਮਾਚਾਰ ਏਜੰਸੀ ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ (ਆਈ. ਆਰ. ਐੱਨ. ਏ.) ਨੇ ਨਿਆਇਕ ਅਧਿਕਾਰੀ ਹੁਸੈਨ ਫੈਜ਼ੇਲੀ ਦੇ ਹਵਾਲੇ ਨਾਲ ਕਿਹਾ ਕਿ ਦਾਰੀਉਸ਼ ਮੇਹਰਜੁਈ ਤੇ ਉਨ੍ਹਾਂ ਦੀ ਪਤਨੀ ਵਹੀਦੇਹ ਮੁਹੰਮਦੀਫਰ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਸਨ, ਜਿਨ੍ਹਾਂ ਦੀ ਗਰਦਨ ’ਤੇ ਚਾਕੂ ਨਾਲ ਹਮਲੇ ਦੇ ਨਿਸ਼ਾਨ ਸਨ। ਫੈਜ਼ੇਲੀ ਮੁਤਾਬਕ ਨਿਰਦੇਸ਼ਕ ਦੀ ਧੀ ਮੋਨਾ ਮੇਹਰਜੁਈ ਸ਼ਨੀਵਾਰ ਰਾਤ ਨੂੰ ਰਾਜਧਾਨੀ ਤਹਿਰਾਨ ਤੋਂ 30 ਕਿਲੋਮੀਟਰ ਪੱਛਮ ’ਚ ਸਥਿਤ ਆਪਣੇ ਪਿਤਾ ਦੇ ਘਰ ਗਈ ਸੀ, ਜਿਥੇ ਉਸ ਨੂੰ ਦਾਰਿਉਸ਼ ਮੇਹਰਜੁਈ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ।

ਇਹ ਖ਼ਬਰ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੌਰਾਨ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਗੁਆਚਿਆ ਸੋਨੇ ਦਾ ਆਈਫੋਨ, ਲੋਕਾਂ ਨੂੰ ਕੀਤੀ ਅਪੀਲ

ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਖ਼ੁਲਾਸਾ ਨਹੀਂ ਕੀਤਾ ਪਰ ਵਹੀਦੇਹ ਨੇ ਕੁਝ ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ’ਤੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਚਾਕੂ ਨਾਲ ਹਮਲੇ ਦੀ ਧਮਕੀ ਮਿਲੀ ਸੀ।

ਦਾਰਿਉਸ਼ ਮੇਹਰਜੁਈ (83) 1970 ਦੇ ਦਹਾਕੇ ਦੇ ਸ਼ੁਰੂ ’ਚ ਈਰਾਨੀ ਫ਼ਿਲਮ ਦੀ ‘ਨਿਊ ਵੇਵ’ ਮੁਹਿੰਮ ਦੇ ਸਹਿ-ਸੰਸਥਾਪਕ ਵਜੋਂ ਜਾਣੇ ਜਾਂਦੇ ਸਨ, ਜੋ ਮੁੱਖ ਤੌਰ ’ਤੇ ਯਥਾਰਥਵਾਦ ’ਤੇ ਕੇਂਦਰਿਤ ਸੀ। ਦਾਰਿਉਸ਼ ਮੇਹਰਜੁਈ ਨੂੰ 1998 ’ਚ ਸ਼ਿਕਾਗੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ‘ਸਿਲਵਰ ਹਿਊਗੋ’ ਤੇ 1993 ’ਚ ਸੈਨ ਸੇਬੇਸਟੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ‘ਗੋਲਡਨ ਸੀਸ਼ੇਲ’ ਐਵਾਰਡ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ 1960 ਦੇ ਦਹਾਕੇ ਦੇ ਸ਼ੁਰੂ ’ਚ ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ’ਚ ਸਿਨੇਮਾ ਦਾ ਅਧਿਐਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News