ਫਿਲੀਪੀਨਜ਼ 'ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 112, ਲੋਕਾਂ ਤੋਂ ਮਦਦ ਦੀ ਅਪੀਲ
Sunday, Dec 19, 2021 - 05:11 PM (IST)
ਮਨੀਲਾ (ਭਾਸ਼ਾ)- ਫਿਲੀਪੀਨਜ਼ ਦੇ ਬੋਹੋਲ ਸੂਬੇ ਦੇ ਗਵਰਨਰ ਨੇ ਐਤਵਾਰ ਨੂੰ ਦੱਸਿਆ ਕਿ ਤੂਫਾਨ ‘ਰਾਈ’ ‘ਚ ਘੱਟੋ-ਘੱਟ 63 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਮਗਰੋਂ ਤਬਾਹੀ ਨਾਲ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ ਹੈ। ਬੋਹੋਲ ਦੇ ਗਵਰਨਰ ਆਰਥਰ ਯੈਪ ਨੇ ਕਿਹਾ ਕਿ 10 ਲੋਕ ਅਜੇ ਵੀ ਲਾਪਤਾ ਹਨ ਅਤੇ 13 ਜ਼ਖਮੀ ਹਨ। ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਸੰਚਾਰ ਸੰਪਰਕ ਰੁੱਕਿਆ ਹੋਣ ਕਾਰਨ 48 ਸ਼ਹਿਰਾਂ ਦੇ ਮੇਅਰਾਂ ਵਿਚੋਂ ਸਿਰਫ 33 ਨਾਲ ਗੱਲਬਾਤ ਹੋ ਸਕੀ ਹੈ। ਅਧਿਕਾਰੀ ਜ਼ਮੀਨ ਖਿਸਕਣ ਤੇ ਹੜ੍ਹ ਦੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਐਤਵਾਰ ਨੂੰ ਫੇਸਬੁੱਕ 'ਤੇ ਇਕ ਬਿਆਨ ਮੁਤਾਬਕ ਯੈਪ ਨੇ ਖੇਤਰ ਦੇ ਮੇਅਰ ਨੂੰ ਰਾਹਤ ਉਪਾਵਾਂ ਨੂੰ ਤੇਜ਼ ਕਰਨ ਲਈ ਕਿਹਾ ਹੈ। ਉਹਨਾਂ ਨੇ 12 ਲੱਖ ਲੋਕਾਂ ਨੂੰ ਖਾਧ ਸਮਗੱਰੀ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਹਨ। ਹਵਾਈ ਸਰਵੇਖਣ ਦੇ ਬਾਅਦ ਯੈਪ ਨੇ ਕਿਹਾ ਕਿ ਸਪੱਸ਼ਟ ਹੈ ਕਿ ਬੋਹੋਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
ਵੀਰਵਾਰ ਅਤੇ ਸ਼ੁੱਕਰਵਾਰ ਨੂੰ ਫਿਲੀਪੀਨਜ਼ ਦੇ ਮੱਧ ਹਿੱਸੇ 'ਚ ਤੂਫਾਨ ਨੇ ਭਾਰੀ ਤਬਾਹੀ ਮਚਾਈ। ਸਰਕਾਰ ਨੇ ਕਿਹਾ ਕਿ ਤੂਫਾਨ ਨਾਲ ਲਗਭਗ 780,000 ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚੋਂ 3,00,000 ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈਣੀ ਪਈ। ਆਫ਼ਤ ਪ੍ਰਤੀਕਿਰਿਆ ਏਜੰਸੀ ਅਤੇ ਰਾਸ਼ਟਰੀ ਪੁਲਸ ਨੇ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 39 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੱਖਣੀ-ਪੂਰਬੀ ਸੂਬੇ ਦੇ ਦੀਨਾਗਟ ਟਾਪੂ 'ਤੇ ਤੂਫਾਨ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਦੇ ਬ੍ਰਿਸਬੇਨ ਨੇੜੇ ਜਹਾਜ਼ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ
ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਨੇ ਸ਼ਨੀਵਾਰ ਨੂੰ ਖੇਤਰ ਦਾ ਇੱਕ ਹਵਾਈ ਸਰਵੇਖਣ ਕੀਤਾ ਅਤੇ ਸਹਾਇਤਾ ਵਿੱਚ ਦੋ ਬਿਲੀਅਨ ਪੇਸੋ (4 ਕਰੋੜ ਡਾਲਰ) ਦੇਣ ਦਾ ਵਾਅਦਾ ਕੀਤਾ। ਤੂਫ਼ਾਨ ਦੌਰਾਨ 195 ਕਿਲੋਮੀਟਰ ਪ੍ਰਤੀ ਘੰਟਾ ਤੋਂ 270 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਭਾਰੀ ਨੁਕਸਾਨ ਕੀਤਾ। ਤੂਫਾਨ ਮਗਰੋਂ 227 ਸ਼ਹਿਰਾਂ ਅਤੇ ਕਸਬਿਆਂ ਵਿੱਚ ਬਿਜਲੀ ਬੰਦ ਹੋ ਗਈ। ਅਧਿਕਾਰੀਆਂ ਮੁਤਾਬਕ ਹੁਣ ਤੱਕ ਸਿਰਫ਼ 21 ਖੇਤਰਾਂ ਵਿੱਚ ਹੀ ਬਿਜਲੀ ਸਪਲਾਈ ਬਹਾਲ ਹੋਈ ਹੈ। ਤਿੰਨ ਖੇਤਰੀ ਹਵਾਈ ਅੱਡਿਆਂ 'ਤੇ ਪਾਣੀ ਭਰਿਆ ਹੋਇਆ ਹੈ।ਕ੍ਰਿਸਮਸ ਤੋਂ ਪਹਿਲਾਂ ਆਏ ਭਿਆਨਕ ਤੂਫਾਨ ਕਾਰਨ ਹੋਈ ਤਬਾਹੀ ਨੇ ਸਭ ਤੋਂ ਸ਼ਕਤੀਸ਼ਾਲੀ ਤੂਫਾਨ 'ਹੈਯਾਨ' ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਨਵੰਬਰ 2013 'ਚ 'ਹੈਯਾਨ' ਤੂਫਾਨ 'ਚ 6,300 ਤੋਂ ਵੱਧ ਲੋਕ ਮਾਰੇ ਗਏ ਸਨ।