ਬ੍ਰਹਮਪੁੱਤਰ ’ਤੇ ਬਣਨ ਵਾਲੇ ਬੰਨ੍ਹ ਨਾਲ ਭਾਰਤ ’ਚ ਪਾਣੀ ਦਾ ਵਹਾਅ ਪ੍ਰਭਾਵਿਤ ਨਹੀਂ ਹੋਵੇਗਾ : ਚੀਨ
Monday, Jan 06, 2025 - 09:34 PM (IST)
ਪੇਈਚਿੰਗ, (ਭਾਸ਼ਾ)- ਚੀਨ ਨੇ ਭਾਰਤ ਦੀ ਸਰਹੱਦ ਨੇੜੇ ਤਿੱਬਤ ਵਿਚ ਬ੍ਰਹਮਪੁੱਤਰ ਨਦੀ ’ਤੇ ਦੁਨੀਆ ਦਾ ਸ਼ਭ ਤੋਂ ਵੱਡਾ ਬੰਨ੍ਹ ਬਣਾਉਣ ਦੀ ਆਪਣੀ ਯੋਜਨਾ ਨੂੰ ਲੈ ਕੇ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟ ਦੀ ਗੰਭੀਰ ਵਿਗਿਆਨਕ ਜਾਂਚ ਕੀਤੀ ਗਈ ਹੈ ਅਤੇ ਇਹ ਨਦੀ ਦੇ ਵਹਾਅ ਦੇ ਹੇਠਲੇ ਇਲਾਕਿਆਂ ’ਚ ਸਥਿਤ ਭਾਰਤ ਅਤੇ ਬੰਗਲਾਦੇਸ਼ ’ਤੇ ਕੋਈ ਅਸਰ ਨਹੀਂ ਪਵੇਗਾ।
ਲੱਗਭਗ 13.7 ਅਰਬ ਅਮਰੀਕੀ ਡਾਲਰ ਦੀ ਅਨੁਮਾਨਤ ਲਾਗਤ ਵਾਲਾ ਇਹ ਪ੍ਰਾਜੈਕਟ ਵਾਤਾਵਰਣਿਕ ਤੌਰ ’ਤੇ ਨਾਜ਼ੁਕ ਹਿਮਾਲੀਅਨ ਖੇਤਰ ਵਿਚ ਟੈਕਟੋਨਿਕ ਪਲੇਟ ਦੀ ਸੀਮਾ ’ਤੇ ਸਥਿਤ ਹੈ, ਜਿੱਥੇ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ।
ਚੀਨੀ ਵਿਦੇਸ਼ ਮੰਤਰਾਲੇ ਦੇ ਨਵੇਂ ਬੁਲਾਰੇ ਗੁਓ ਜਿਆਕੁਨ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਯਾਰਲੁੰਗ ਸਾਂਗਪੋ ਨਦੀ (ਬ੍ਰਹਮਪੁੱਤਰ ਨਦੀ ਦਾ ਤਿੱਬਤੀ ਨਾਂ) ਦੇ ਹੇਠਲੇ ਖੇਤਰ ਵਿਚ ਚੀਨ ਵੱਲੋਂ ਕੀਤੇ ਜਾ ਰਹੇ ਪਣ-ਬਿਜਲੀ ਪ੍ਰਾਜੈਕਟ ਦੀ ਉਸਾਰੀ ਦੀ ਪੂਰੀ ਤਰ੍ਹਾਂ ਵਿਗਿਆਨਕ ਜਾਂਚ ਕੀਤੀ ਗਈ ਹੈ ਅਤੇ ਇਸ ਨਾਲ ਹੇਠਲੇ ਹਿੱਸੇ ਵਿਚ ਸਥਿਤ ਦੇਸ਼ਾਂ ਦੇ ਵਾਤਾਵਰਣ, ਭੂਵਿਗਿਆਨ ਅਤੇ ਜਲ ਸੋਮਿਆਂ ’ਤੇ ਕੋਈ ਨਾਂਹ-ਪੱਖੀ ਅਸਰ ਨਹੀਂ ਪਵੇਗਾ। ਭਾਰਤ ਨੇ ਬੰਨ੍ਹ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਹੈ।