ਮਨੁੱਖੀ ਅਧਿਕਾਰਾਂ ਸਬੰਧੀ ਚਿੰਤਾਵਾਂ ਦਰਮਿਆਨ ਚੀਨੀ ਰਾਸ਼ਟਰਪਤੀ ਨੇ ਸ਼ਿਨਜਿਆਂਗ ਦਾ ਕੀਤਾ ਦੌਰਾ
Saturday, Jul 16, 2022 - 03:42 PM (IST)
ਬੀਜਿੰਗ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਨੁੱਖੀ ਅਧਿਕਾਰਾਂ ਸਬੰਧੀ ਚਿੰਤਾਵਾਂ ਦਰਮਿਆਨ ਇਸ ਹਫ਼ਤੇ ਉੱਤਰ-ਪੱਛਮੀ ਸ਼ਿਨਜਿਆਂਗ ਸੂਬੇ ਦਾ ਦੌਰਾ ਕੀਤਾ। ਚੀਨ ’ਤੇ ਦੋਸ਼ ਹੈ ਕਿ ਉਸਨੇ ਸ਼ਿਨਜਿਆਂਗ ਸੂਬੇ ’ਚ ਮੁਸਲਿਮ ਜਾਤੀ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਤਕਰੀਬਨ 10 ਲੱਖ ਲੋਕਾਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ। ਚੀਨ ਦੀ ਅਧਿਕਾਰਤ ਸ਼ਿਨਹੂਆ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਦੱਸਿਆ ਕਿ ਜਿਨਪਿੰਗ ਨੇ ਸ਼ਿਨਜਿਆਂਗ ’ਚ ਆਪਣੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ’ਤੇ ਜ਼ੋਰ ਦਿੱਤਾ ਅਤੇ ਸੂਬੇ ’ਚ ਸਮਾਜਿਕ ਸਥਿਰਤਾ ਅਤੇ ਟਿਕਾਊ ਸੁਰੱਖਿਆ ਵਰਗੇ ਵਿਆਪਕ ਟੀਚਿਆਂ ਨੂੰ ਮਹੱਤਵਪੂਰਨ ਦੱਸਿਆ। ਜਿਨਪਿੰਗ ਨੇ ਸ਼ਿਨਜਿਆਂਗ ਸੂਬੇ ’ਚ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਆਲੋਚਨਾ ਨੂੰ ਵੀ ਇਕ ਪਾਸੇ ਕਰ ਦਿੱਤਾ।
ਦਰਅਸਲ, ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਦਾ ਦੋਸ਼ ਹੈ ਕਿ ਸ਼ਿਨਜਿਆਂਗ ਸੂਬੇ ’ਚ ਲੋਕਾਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ। ਇਸ ਲਈ ਇਨ੍ਹਾਂ ਦੇਸ਼ਾਂ ਨੇ ਉਥੋਂ ਕਪਾਹ ਅਤੇ ਹੋਰ ਉਤਪਾਦਾਂ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਹੈ। ਜਿਨਪਿੰਗ ਦੇ ਸ਼ਾਸਨਕਾਲ ਦੌਰਾਨ ਸ਼ਿਨਜਿਆਂਗ ਸੂਬੇ ’ਚ ਪ੍ਰਸ਼ਾਸਨ ਵੱਲੋਂ ਵੀਗਰ ਮੁਸਲਮਾਨਾਂ ਅਤੇ ਕਜ਼ਾਖ਼ਿਸਤਾਨ ਭਾਈਚਾਰੇ ਦੇ ਲੋਕਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਸ਼ੀ ਨੇ ਸ਼ਿਨਜਿਆਂਗ ਨੂੰ ਮੱਧ ਏਸ਼ੀਆ ਤੋਂ ਪੂਰਬੀ ਯੂਰਪ ਤੱਕ ਜੋੜਨ ਵਾਲੀਆਂ ਬੰਦਰਗਾਹਾਂ, ਰੇਲਵੇ ਅਤੇ ਪਾਵਰ ਸਟੇਸ਼ਨਾਂ ਨੂੰ ਬਣਾਉਣ ਦੇ ਚੀਨ ਦੇ ਪ੍ਰੋਗਰਾਮ ’ਚ ਇਕ ‘ਅਹਿਮ ਖੇਤਰ ਅਤੇ ਹੱਬ’ ਦੱਸਿਆ। ਵਰਣਨਯੋਗ ਹੈ ਕਿ ਸ਼ੀ ਦੇ ਕਾਰਜਕਾਲ ਦੌਰਾਨ ਅਧਿਕਾਰੀਆਂ ਨੇ ਵੱਖਵਾਦੀ ਹਿੰਸਾ ਭੜਕਣ ਤੋਂ ਬਾਅਦ ਸ਼ਿਨਜਿਆਂਗ ਦੇ ਜਾਤੀ ਉਈਗਰ ਅਤੇ ਕਜ਼ਾਖ਼ ਭਾਈਚਾਰਿਆਂ ’ਤੇ ਸਖ਼ਤ ਕਾਰਵਾਈ ਕੀਤੀ ਸੀ।
ਆਲੋਚਕਾਂ ਨੇ ਇਸ ਕਾਰਵਾਈ ਨੂੰ ਸੱਭਿਆਚਾਰਕ ਨਸਲਕੁਸ਼ੀ ਕਿਹਾ, ਜਿਸ ਤਹਿਤ ਹਜ਼ਾਰਾਂ ਲੋਕਾਂ ਨੂੰ ਜੇਲ੍ਹ ਵਰਗੇ ਕੈਂਪਾਂ ’ਚ ਕੈਦ ਕਰ ਦਿੱਤਾ ਗਿਆ। ਸ਼ੀ ਨੇ ਸਰਕਾਰੀ ਸੰਸਥਾ ‘ਸ਼ਿਨਜਿਆਂਗ ਪ੍ਰੋਡਕਸ਼ਨ ਐਂਡ ਕੰਸਟਰੱਕਸ਼ਨ ਕੋਰਪਸ’ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਹ ਸੰਸਥਾ ਇਸ ਖੇਤਰ ’ਚ ਲਾਗੂ ਫੌਜੀ ਪ੍ਰਣਾਲੀ ਦੇ ਤਹਿਤ ਆਪਣੀਆਂ ਅਦਾਲਤਾਂ, ਸਕੂਲ ਅਤੇ ਸਿਹਤ ਸੰਭਾਲ ਪ੍ਰਣਾਲੀ ਨੂੰ ਚਲਾਉਂਦੀ ਹੈ। ਸ਼ਿਨਹੂਆ ਦੀ ਖਬਰ ਦੇ ਅਨੁਸਾਰ, ਸ਼ੀ ਨੇ ‘‘ਸਰਹੱਦੀ ਖੇਤਰਾਂ ਦੀ ਰੱਖਿਆ ’ਚ ਐਕਸ.ਪੀ.ਸੀ.ਸੀ. ਦੇ ਇਤਿਹਾਸ ਬਾਰੇ ਜਾਣਕਾਰੀ ਲਈ।" ਸ਼ਿਨਜਿਆਂਗ ਸੂਬੇ ਸਰਹੱਦ ਰੂਸ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਨਾਲ ਲੱਗਦੀ ਹੈ, ਜਿਸ ਨੂੰ ਚੀਨ ਨੇ ਆਰਥਿਕ ਪ੍ਰੋਤਸਾਹਨ ਅਤੇ ਸੁਰੱਖਿਆ ਗੱਠਜੋੜ ਜ਼ਰੀਏ ਆਪਣੇ ਪਾਲੇ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।