ਧੂਮ-ਧਾਮ ਨਾਲ ਮਨਾਇਆ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

06/29/2017 1:14:52 AM

ਰੋਮ (ਕੈਂਥ)— ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼, ਸਮਾਜ 'ਚ ਵਹਿਮਾਂ-ਭਰਮਾਂ ਦਾ ਨਾਸ਼ ਕਰਨ ਵਾਲੇ ਇਨਕਲਾਬੀ ਸੰਤ ਸਤਿਗੁਰੂ ਕਬੀਰ ਮਹਾਰਾਜ ਜੀ ਦਾ 619ਵਾਂ ਪ੍ਰਕਾਸ਼ ਦਿਹਾੜਾ “ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ'' ਦੀ ਪਾਵਨ ਹਜ਼ੂਰੀ 'ਚ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਵਿਖੇ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ “ਸ਼੍ਰੀ ਅੰਮ੍ਰਿਤਬਾਣੀ“ ਦੇ ਆਰੰਭੇ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਵਿਸ਼ਾਲ ਧਾਰਮਿਕ ਦੀਵਾਨ ਦੀ ਸ਼ੁਰੂਆਤ ਬਾਬਾ ਸਤਨਾਮ ਸਿੰਘ ਮੁੱਖ ਗ੍ਰੰਥੀ ਗੁਰੂਘਰ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਇਨਲਾਬੀ ਜੀਵਨ 'ਚ ਕੀਤੀ ਘਾਲਨਾਵਾਂ ਦਾ ਵਿਸਥਾਰਪੂਰਵਕ ਵਰਨਣ ਕਰਦਿਆਂ ਕੀਤੀ।

ਇਸ ਮੌਕੇ ਭਾਰਤ ਤੋਂ ਉਚੇਚੇ ਤੌਰ ਤੇ ਪਹੁੱਚੇ ਮਿਸ਼ਨਰੀ ਗਾਇਕ ਗੁਰਪ੍ਰੀਤ ਲਾਲੀ ਨੇ ਆਪਣੀ ਬੁੰਲਦ ਅਤੇ ਸੁਰੀਲੀ ਅਵਾਜ਼ 'ਚ ਸੰਗਤਾਂ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਦਾ ਹਾਲ ਇਨਕਲਾਬੀ ਗੀਤਾਂ ਰਾਹੀ ਵਰਨਣ ਕੀਤਾ। ਮਿਸ਼ਨਰੀ ਗਾਇਕ ਗੁਰਪ੍ਰੀਤ ਲਾਲੀ ਨੇ ਇਸ ਪ੍ਰਕਾਸ਼ ਦਿਹਾੜੇ ਸਮਾਗਮ ਮੌਕੇ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਚਨਾਵਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਬੀਬੀ ਸਕੁੰਤਲਾ ਦੇਵੀ ਨੇ ਵੀ ਪ੍ਰਕਾਸ਼ ਦਿਹਾੜੇ ਦੇ ਸਮਾਗਮ 'ਚ ਇੱਕ ਸ਼ਬਦ ਰਾਹੀ ਹਾਜ਼ਰੀ ਲੁਆਈ। ਇਸ ਪ੍ਰਕਾਸ਼ ਦਿਹਾੜੇ ਦੇ ਸਮਾਗਮ ਨੂੰ ਸੰਬੋਧਿਤ ਕਰਦਿਆਂ ਜਸਵੀਰ ਬੱਬੂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਹੜੀ ਕਿ ਸਭ ਨੂੰ ਮੁਨੱਖਤਾ ਦਾ ਉਪਦੇਸ਼ ਦਿੰਦੀ ਹੈ, ਉੱਥੇ ਹੀ ਸਾਨੂੰ ਸਮਾਜ ਅੰਦਰ ਫੈਲ ਰਹੇ ਵਹਿਮਾਂ-ਭਰਮਾਂ ਦਾ ਡੱਟਵਾਂ ਵਿਰੋਧ ਕਰਨ ਲਈ ਵੀ ਪ੍ਰੇਰਦੀ ਹੈ। ਸਤਿਗੁਰਾਂ ਦੀ ਬਾਣੀ ਇਹ ਦਰਸਾਉਂਦੀ ਹੈ ਕਿ ਜਿਸ ਇਨਸਾਨ ਦੇ ਘਰ ਬੁੱਢੇ ਮਾਂ-ਬਾਪ ਸੇਵਾ ਦੁੱਖੋ ਦੁੱਖੀ ਹਨ ਅਤੇ ਉਹ ਇਨਸਾਨ ਧਾਰਮਿਕ ਅਸਥਾਨਾਂ ਉੱਤੇ ਜਾ-ਜਾ ਲੰਗਰ ਲਗਾਉਂਦਾ ਅਤੇ ਸੇਵਾ ਕਰਦਾ ਹੈ ਤਾਂ ਉਸ ਲਈ ਇਹ ਸਭ ਕੰਮ ਵਿਅਰਥ ਹਨ ਕਿਉਂਕਿ ਮਾਂ-ਬਾਪ ਦੀ ਸੇਵਾ ਤੋਂ ਵੱਡਾ ਕੋਈ ਦਾਨ-ਪੁੰਨ ਨਹੀ। ਉਨ੍ਹਾਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਫ਼ਲਸਫੇ ਤੋਂ ਸੇਧ ਲੈਕੇ ਆਪਣਾ ਲੋਕ ਸੁੱਖੀ ਅਤੇ ਪ੍ਰਲੋਕ ਸੁਹੇਲਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੇ ਰਹਿਬਰ ਦੁਨੀਆ 'ਚ ਵਿਰਲੇ ਹੀ ਆਉਂਦੇ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸੇਥਸ ਸਨਮਾਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਕੁਲਜਿੰਦਰ ਬਬਲੂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਪ੍ਰੈੱਸ ਨੂੰ ਇਹ ਜਾਣਕਾਰੀ ਅਜਮੇਰ ਦਾਸ ਕਲੇਰ ਨੇ ਦਿੱਤੀ।


Related News