ਕੋਰੋਨਾ ਟੀਕਾਕਰਨ ਨੂੰ ਲੈ ਕੇ ਅਮਰੀਕਾ ਤੋਂ ਆਈ ਵੱਡੀ ਖਬਰ, ਹਾਸਲ ਕੀਤਾ ਇਹ ਟੀਚਾ
Friday, Apr 09, 2021 - 12:36 PM (IST)
![ਕੋਰੋਨਾ ਟੀਕਾਕਰਨ ਨੂੰ ਲੈ ਕੇ ਅਮਰੀਕਾ ਤੋਂ ਆਈ ਵੱਡੀ ਖਬਰ, ਹਾਸਲ ਕੀਤਾ ਇਹ ਟੀਚਾ](https://static.jagbani.com/multimedia/2021_4image_12_34_341376311vaciine.jpg)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਬੁੱਧਵਾਰ ਨੂੰ ਕੋਰੋਨਾ ਟੀਕਾਕਰਨ ਦੀਆਂ ਕੋਸ਼ਿਸ਼ਾਂ ’ਚ ਇੱਕ ਮੀਲ ਪੱਥਰ ’ਤੇ ਪਹੁੰਚਿਆ ਹੈ। ਕੋੋਰੋਨਾ ਟੀਕਾਕਰਨ ਨੂੰ ਲੈ ਕੇ ਨਵੇਂ ਅੰਕੜਿਆਂ ਅਨੁਸਾਰ ਦੇਸ਼ ’ਚ ਲੱਗਭਗ 25 ਫੀਸਦੀ ਬਾਲਗਾਂ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਾਇਆ ਗਿਆ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ 40 ਫੀਸਦੀ ਬਾਲਗ ਅਤੇ 75 ਫੀਸਦੀ ਬਜ਼ੁਰਗਾਂ ਨੂੰ ਕੋਰੋਨਾ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ। ਦੇਸ਼ ਦੇ ਕੋਵਿਡ-19 ਟੀਕਾਕਰਨ ਦੇ ਯਤਨ ਦਸੰਬਰ ’ਚ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਜਰਮਨ ਫਰਮ ਬਾਇਓਨਟੈਕ ਵੱਲੋਂ ਬਣਾਏ ਟੀਕੇ ਦੇ ਐਮਰਜੈਂਸੀ ਅਧਿਕਾਰ ਤੋਂ ਬਾਅਦ ਸ਼ੁਰੂ ਹੋਏ ਸਨ। ਇਸ ਟੀਕਾਕਰਨ ਮੁਹਿੰਮ ਨੂੰ ਮਾਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੇ ਨਾਲ ਬਹੁਤ ਤੇਜ਼ ਕੀਤਾ ਗਿਆ ਸੀ।
ਸੀ. ਡੀ. ਸੀ. ਦੇ ਅੰਕੜਿਆਂ ਅਨੁਸਾਰ ਕੁਝ ਸੂਬੇ, ਜਿਵੇਂ ਨਿਊ ਮੈਕਸੀਕੋ, ਸਾਊਥ ਡਕੋਟਾ ਅਤੇ ਅਲਾਸਕਾ ਨੇ ਕੌਮੀ ਔਸਤ ਨੂੰ ਪਛਾੜਦਿਆਂ ਆਪਣੀ ਬਾਲਗ ਆਬਾਦੀ ਦੇ 30 ਫੀਸਦੀ ਤੋਂ ਵੱਧ ਨੂੰ ਪੂਰੀ ਤਰ੍ਹਾਂ ਟੀਕਾ ਲਾਇਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵਾਅਦਾ ਕੀਤਾ ਸੀ ਕਿ ਉਸ ਦੇ ਪਹਿਲੇ 100 ਦਿਨਾਂ ’ਚ ਮਿਲੀਅਨਜ਼ ਸ਼ਾਟ ਦਿੱਤੇ ਜਾਣਗੇ ਅਤੇ ਮਾਰਚ ’ਚ ਉਸ ਨੇ ਇਸ ਟੀਚੇ ਨੂੰ 200 ਮਿਲੀਅਨ ਤੱਕ ਵਧਾਇਆ ਸੀ, ਜਿਸ ਨੂੰ ਪੂਰਾ ਕਰਨ ਲਈ ਦੇਸ਼ ਨੇ ਇੱਕ ਦਿਨ ’ਚ ਨਿਯਮਿਤ ਤੌਰ ’ਤੇ 2 ਮਿਲੀਅਨ ਤੋਂ 3 ਮਿਲੀਅਨ ਸ਼ਾਟਾਂ ਨੂੰ ਲਾਇਆ ਹੈ। ਇਸ ਤੋਂ ਇਲਾਵਾ ਟੀਕੇ ਦੇ ਉਤਪਾਦਨ ਦੀ ਰਫ਼ਤਾਰ ’ਚ ਵੀ ਵਾਧਾ ਹੋਇਆ ਹੈ ਅਤੇ ਅਮਰੀਕਾ ਗਰਮੀਆਂ ਦੇ ਦਿਨਾਂ ’ਚ ਲੱਖਾਂ ਟੀਕਿਆਂ ਦੀਆਂ ਖੁਰਾਕਾਂ ਤਿਆਰ ਕਰਨ ਜਾ ਰਿਹਾ ਹੈ।