ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਾ ਸੀ ਹਜਾਮ, 13 ਲੱਖ ਹੋਇਆ ਜੁਰਮਾਨਾ

04/06/2021 8:17:03 PM

ਰੋਮ (ਕੈਂਥ)-ਕੋਵਿਡ-19 ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਇਟਲੀ ਸਰਕਾਰ ਨੇ ਜਿਥੇ ਈਸਟਰ ਦੀਆਂ ਛੁੱਟੀਆਂ ਲਈ ਸਖਤ ਨਿਯਮ ਲਾਗੂ ਕੀਤੇ ਹਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਟਿੱਚ ਜਾਣ ਕੇ ਉਨ੍ਹਾਂ ਦੀ ਉਲੰਘਣਾ ਕਰਦੇ ਹਨ। ਕੁਝ ਅਜਿਹਾ ਹੀ ਹੋਇਆ ਇਟਲੀ ਦੇ ਸ਼ਹਿਰ ਪਾਰਮਾ ਨਜ਼ਦੀਕ, ਜਿਥੇ ਘਰ ’ਚ ਹੇਅਰ ਡਰੈਸਰ ਦਾ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਡੋਮਿਨਿਕਨ ਰਿਪਬਲਿਕ ਦੇ ਇਕ 58 ਸਾਲਾ ਵਿਅਕਤੀ ਨੂੰ ਅਨਿਯਮਿਤ ਕੰਮ ਕਰਨ ਅਤੇ ਪ੍ਰਬੰਧਕੀ ਹਦਾਇਤਾਂ ਦੀ ਉਲੰਘਣਾ ਕਰਨ ’ਤੇ 15 ਹਜ਼ਾਰ ਯੂਰੋ (ਲਗਭਗ 13 ਲੱਖ ਰੁਪਏ) ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ।
ਇਟਲੀ ਦੇ ਪਾਰਮਾ ਸ਼ਹਿਰ ਕੋਲ ਪੈਂਦੇ ਬੋਰਗੋ ਪਾਰੇਂਤੇ ’ਚ ਪਾਰਮਾ ਦੀ ਪੁਲਸ ਕਾਰਾਬਿਨੇਰੀ, ਨਾਸ ਅਤੇ ਲੇਬਰ ਇੰਸਪੈਕਟ੍ਰੋਰੇਟ ਯੂਨਿਟ ਵੱਲੋਂ ਇਹ ਕਾਰਵਾਈ ਕੀਤੀ ਗਈ, ਜਿਸ ’ਚ ਸੱਤ ਗਾਹਕਾਂ ਨੂੰ ਐਂਟੀ-ਕੋਵਿਡ ਪਾਬੰਦੀਆਂ ਦੀ ਪਾਲਣਾ ਨਾ ਕਰਨ ’ਤੇ ਕੁਲ 2800 ਯੂਰੋ ਜੁਰਮਾਨਾ ਵੀ ਲਾਇਆ ਗਿਆ।

ਲੋਕਾਂ ’ਚ ਇਸ ਗੱਲ ਦੀ ਚਰਚਾ ਜ਼ੋਰਾਂ ’ਤੇ ਹੈ ਕਿ ਇਹ ਹਜਾਮ (ਨਾਈ) ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਾ ਸੀ ਤੇ ਘਰ ’ਚ ਹੀ ਗ਼ੈਰ-ਕਾਨੂੰਨੀ ਕੰਮ ਕਰਦਾ ਸੀ। ਹੁਣ ਜਦਕਿ ਕੋਰੋਨਾ ਕਾਰਨ ਲੋਕਾਂ ਦੀ ਜਾਨ ਉੱਤੇ ਬਣੀ ਹੋਈ ਹੈ, ਇਸ ਸਮੇਂ ਵੀ ਇਹ ਹਜਾਮ ਬੇਖੌਫ ਆਪਣੇ ਕੰਮ ’ਚ ਮਸਰੂਫ ਸੀ, ਜਿਸ ਦਾ ਹਰਜਾਨਾ ਉਸ ਨੂੰ ਵੱਡੇ ਜੁਰਮਾਨੇ ’ਚ ਮਿਲ ਹੀ ਗਿਆ । ਪੂਰੇ ਪਰਮਾ ਸੂਬੇ ’ਚ ਕਾਰਾਬਿਨੇਰੀ ਵੱਲੋਂ ਵੱਖ-ਵੱਖ ਜਾਂਚਾਂ ਕੀਤੀਆਂ ਗਈਆਂ ਹਨ। ਕੁਲ ਮਿਲਾ ਕੇ ਸ਼ਨੀਵਾਰ ਨੂੰ ਲੱਗਭਗ 400 ਲੋਕਾਂ ਦੀ ਪਛਾਣ ਕੀਤੀ ਗਈ ਅਤੇ 70 ਤੋਂ ਵੱਧ ਕਾਰੋਬਾਰਾਂ ਦਾ ਨਿਰੀਖਣ ਕੀਤਾ ਗਿਆ । ਸ਼ਹਿਰ ’ਚ 11 ਵਿਅਕਤੀਆਂ ਅਤੇ ਦੋ ਕਾਰੋਬਾਰੀਆਂ ਵੱਲੋਂ ‘ਰੈੱਡ ਜ਼ੋਨ’ ਦੇ ਪ੍ਰਬੰਧਾਂ ਦੀ ਪਾਲਣਾ ਨਾ ਕਰਨ ’ਤੇ ਪੁਲਸ ਵੀ ਹੈਰਾਨ ਸੀ।


Anuradha

Content Editor

Related News