ਚੀਨ ''ਚ ਬਾਵੀ ਦਾ ਕਹਿਰ ! ਸੁਰੱਖਿਅਤ ਥਾਂਵਾਂ ''ਤੇ ਪਹੁੰਚਾਏ ਗਏ 20 ਲੱਖ ਲੋਕ, ਦਰਜਨਾਂ ਫਲਾਈਟਾਂ ਵੀ ਰੱਦ
Monday, Jul 13, 2026 - 09:44 AM (IST)
ਇੰਟਰਨੈਸ਼ਨਲ ਡੈਸਕ- ਚੀਨ ਦੇ ਪੂਰਬੀ ਤੱਟ ਨਾਲ ਸ਼ਕਤੀਸ਼ਾਲੀ ਤੂਫ਼ਾਨ ‘ਬਾਵੀ’ ਦੇ ਟਕਰਾਉਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਭਾਰੀ ਮੀਂਹ ਦਾ ‘ਰੈੱਡ ਅਲਰਟ’ ਜਾਰੀ ਕੀਤਾ ਹੈ, ਕਰੀਬ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਅਤੇ 60 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਸਾਲ ਦਾ ਨਵਾਂ ਤੂਫ਼ਾਨ ‘ਬਾਵੀ’ ਸ਼ਨੀਵਾਰ ਰਾਤ 11.20 ਵਜੇ ਝੇਜਿਯਾਂਗ ਸੂਬੇ ਦੇ ਯੁਹੂਆਨ ਸ਼ਹਿਰ ਦੇ ਤੱਟ ਨਾਲ ਟਕਰਾਇਆ। ਤੂਫ਼ਾਨ ਦੇ ਕੇਂਦਰ ਨੇੜੇ ਹਵਾਵਾਂ ਦੀ ਵੱਧ ਤੋਂ ਵੱਧ ਰਫ਼ਤਾਰ 40 ਮੀਟਰ ਪ੍ਰਤੀ ਸੈਕਿੰਡ ਦਰਜ ਕੀਤੀ ਗਈ।
ਤੂਫ਼ਾਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਪੂਰਬੀ ਚੀਨ ਵਿਚ ਕਈ ਉਡਾਣਾਂ ਅਤੇ ਕਿਸ਼ਤੀ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਚਾਈਨਾ ਸਦਰਨ ਏਅਰਲਾਈਨਜ਼ ਅਤੇ ਸਪ੍ਰਿੰਗ ਏਅਰਲਾਈਨਜ਼ ਨੇ ਸ਼ੰਘਾਈ ਤੋਂ ਆਉਣ-ਜਾਣ ਵਾਲੀਆਂ ਕਰੀਬ 60 ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਦਕਿ ਝੇਜਿਯਾਂਗ ਸੂਬੇ ਵਿਚ ਐਮਰਜੈਂਸੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ, ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਆਪਣੀ ਚਾਰ-ਪੱਧਰੀ ਚਿਤਾਵਨੀ ਪ੍ਰਣਾਲੀ ਵਿਚ ਸਭ ਤੋਂ ਉੱਚੇ ਪੱਧਰ ਦਾ ‘ਰੈੱਡ ਅਲਰਟ’ ਅਤੇ ਤੂਫ਼ਾਨ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਐਤਵਾਰ ਦੁਪਹਿਰ ਤੱਕ ਝੇਜਿਯਾਂਗ, ਉੱਤਰੀ ਫੂਜਿਆਨ, ਉੱਤਰ-ਪੂਰਬੀ ਜਿਆਂਗਸ਼ੀ ਅਤੇ ਦੱਖਣੀ ਅਨਹੂਈ ਸਮੇਤ ਕਈ ਖੇਤਰਾਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਰਾਜਧਾਨੀ ਬੀਜਿੰਗ ਅਤੇ ਹੇਬੇਈ ਦੇ ਕੁਝ ਹਿੱਸਿਆਂ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ, ਤੱਟੀ ਖੇਤਰਾਂ ਤੋਂ ਦੂਰ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
