ਕੋਰੋਨਾ ਦੇ ਲੱਛਣ ਦਿਖਾਈ ਦੇਣ ਦੇ ਇੰਨੇ ਦਿਨਾਂ ਬਾਅਦ ਕਰਵਾਓ ਟੈਸਟ, ਨਹੀਂ ਤਾਂ ਗਲਤ ਆਵੇਗੀ ਰਿਪੋਰਟ

Thursday, Jun 11, 2020 - 02:52 PM (IST)

ਕੋਰੋਨਾ ਦੇ ਲੱਛਣ ਦਿਖਾਈ ਦੇਣ ਦੇ ਇੰਨੇ ਦਿਨਾਂ ਬਾਅਦ ਕਰਵਾਓ ਟੈਸਟ, ਨਹੀਂ ਤਾਂ ਗਲਤ ਆਵੇਗੀ ਰਿਪੋਰਟ

ਵਾਸ਼ਿੰਗਟਨ- ਜੇਕਰ ਕੋਈ ਵਿਅਕਤੀ ਕੋਵਿਡ-19 ਕਾਰਨ ਪੀੜਤ ਹੁੰਦਾ ਹੈ ਤੇ ਸ਼ੁਰੂਆਤੀ ਪੱਧਰ 'ਤੇ ਹੀ ਉਸ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਨਤੀਜਿਆਂ ਵਿਚ ਅਜਿਹਾ ਹੋ ਸਕਦਾ ਹੈ ਕਿ ਉਹ ਵਾਇਰਸ ਪੀੜਤ ਨਾ ਪਾਇਆ ਜਾਵੇ ਜਦਕਿ ਅਸਲ ਵਿਚ ਉਹ ਇਸ ਵਾਇਰਸ ਦੀ ਲਪੇਟ ਵਿਚ ਹੋਵੇ। 
ਇਕ ਅਧਿਐਨ ਵਿਚ ਇਹ ਦਾਅਵਾ ਕਰਦੇ ਹੋਏ ਕਿਹਾ ਗਿਆ ਕਿ ਇਸ ਵਾਇਰਸ ਦੀ ਜਾਂਚ ਲੱਛਣ ਦਿਖਾਈ ਦੇਣ ਦੇ ਤਿੰਨ ਦਿਨ ਬਾਅਦ ਕਰਨਾ ਠੀਕ ਹੁੰਦਾ ਹੈ। ਇਹ ਅਧਿਐਨ ਮੈਗਜ਼ੀਨ ਐਨਲਜ਼ ਆਫ ਇੰਟਰਨਲ ਮੈਡੀਸਨ ਵਿਚ ਪ੍ਰਕਾਸ਼ਿਤ ਹੋਇਆ ਹੈ। 

ਅਮਰੀਕਾ ਦੀ ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਹਸਪਤਾਲ ਵਿਚ ਭਰਤੀ ਮਰੀਜ਼ਾਂ ਸਣੇ ਕਈ ਹੋਰ ਮਰੀਜ਼ਾਂ ਦੇ ਮੂੰਹ ਦੀ ਲਾਰ ਦੇ 1,330 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਦੀ ਸਹਿ-ਲੇਖਕ ਲਾਰੇਨ ਕੁਰਸਿਕਾ ਨੇ ਕਿਹਾ ਕਿ ਚਾਹੇ ਕਿਸੇ ਵਿਅਕਤੀ ਵਿਚ ਲੱਛਣ ਹੋਣ ਜਾਂ ਨਾ ਹੋਣ ਪਰ ਇਹ ਵਾਇਰਸ ਨਹੀਂ ਪਾਇਆ ਜਾਂਦਾ ਹੈ ਤਾਂ ਇਹ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਉਹ ਵਾਇਰਸ ਨਾਲ ਪੀੜਤ ਨਹੀਂ ਹਨ। ਉਨ੍ਹਾਂ ਕਿਹਾ ਕਿ ਵਾਇਰਸ ਨਾ ਪਾਏ ਜਾਣ 'ਤੇ ਅਸੀਂ ਮੰਨਦੇ ਹਾਂ ਕਿ ਇਹ ਜਾਂਚ ਸਹੀ ਹੈ ਤੇ ਇਸ ਨਾਲ ਦੂਜੇ ਲੋਕਾਂ ਦੀ ਜਾਨ ਖਤਰੇ ਵਿਚ ਪੈ ਜਾਂਦੀ ਹੈ।

ਵਿਗਿਆਨੀਆਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦਾ ਵਧੇਰੇ ਖਤਰਾ ਹੁੰਦਾ ਹੈ, ਉਨ੍ਹਾਂ ਨੂੰ ਪੀੜਤ ਮੰਨ ਕੇ ਇਲਾਜ ਕਰਨਾ ਚਾਹੀਦਾ ਹੈ, ਖਾਸ ਤੌਰ 'ਤੇ ਜੇਕਰ ਉਨ੍ਹਾਂ ਵਿਚ ਕੋਵਿਡ-19 ਵਰਗੇ ਲੱਛਣ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਰੀਜ਼ਾਂ ਨੂੰ ਜਾਂਚ ਦੀਆਂ ਕਮੀਆਂ ਬਾਰੇ ਵੀ ਦੱਸਣਾ ਚਾਹੀਦਾ ਹੈ। ਅੰਕੜਿਆਂ ਦੇ ਆਧਾਰ 'ਤੇ ਸੋਧਕਾਰਾਂ ਨੇ ਅੰਦਾਜ਼ਾ ਲਗਾਇਆ ਕਿ ਵਾਇਰਸ ਦੀ ਲਪੇਟ ਵਿਚ ਆਉਣ ਦੇ ਚਾਰ ਦਿਨ ਬਾਅਦ ਜਿਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ, ਉਨ੍ਹਾਂ ਵਿਚੋਂ 67 ਫੀਸਦੀ ਤੋਂ ਵਧੇਰੇ ਲੋਕਾਂ ਦੇ ਸੰਕ੍ਰਮਿਤ ਨਾ ਪਾਏ ਜਾਣ ਦੀ ਸੰਭਾਵਨਾ ਹੁੰਦੀ ਹੈ ਭਾਵੇਂ ਕਿ ਉਹ ਅਸਲ ਵਿਚ ਵਾਇਰਸ ਪੀੜਤ ਹੁੰਦੇ ਹਨ। 
ਸੋਧਕਾਰਾਂ ਮੁਤਾਬਕ ਕੋਰੋਨਾ ਵਇਰਸ ਦੀ ਜਾਂਚ ਕਰਾਉਣ ਦਾ ਸਭ ਤੋਂ ਸਹੀ ਸਮਾਂ ਵਾਇਰਸ ਦੇ 8 ਦਿਨ ਬਾਅਦ ਹੈ ਜੋ ਕਿ ਲੱਛਣ ਦਿਖਾਈ ਦੇਣ ਦੇ ਔਸਤਨ ਤਿੰਨ ਦਿਨ ਹੋ ਸਕਦਾ ਹੈ। 
 


author

Lalita Mam

Content Editor

Related News