ਪਾਕਿਸਤਾਨ ''ਚ ਅੱਤਵਾਦੀਆਂ ਨੇ 8 ਸੁਰੱਖਿਆ ਕਰਮੀਆਂ ਦੀ ਕੀਤੀ ਹੱਤਿਆ, ਦੋ ਹੋਰ ਜ਼ਖਮੀ
Sunday, Oct 06, 2024 - 09:45 PM (IST)

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਐਤਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਕਰਮਚਾਰੀਆਂ ਦੇ ਵਾਹਨ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ ਅੱਠ ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਜ਼ਿਲ੍ਹੇ ਕੁਰਮ 'ਚ ਵਾਹਨ 'ਤੇ ਹਮਲਾ ਕੀਤਾ। ਸੂਤਰਾਂ ਮੁਤਾਬਕ ਇਸ ਹਮਲੇ 'ਚ ਕਾਨੂੰਨ ਲਾਗੂ ਕਰਨ ਵਾਲੇ ਅੱਠ ਅਧਿਕਾਰੀ ਮਾਰੇ ਗਏ ਅਤੇ ਦੋ ਜ਼ਖ਼ਮੀ ਹੋ ਗਏ। ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਤੋਂ ਵੱਖ ਹੋਏ ਸਮੂਹ ਜਮਾਤ-ਉਲ-ਅਹਰਾਰ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੌਜ ਦੇ ਮੀਡੀਆ ਸੈੱਲ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ, ਇਹ ਆਮ ਤੌਰ 'ਤੇ ਅਜਿਹੇ ਹਮਲਿਆਂ 'ਤੇ ਬਿਆਨ ਜਾਰੀ ਕਰਦਾ ਹੈ। ਇਹ ਹਮਲਾ ਸੂਬੇ ਵਿਚ ਗੋਲੀਬਾਰੀ ਵਿਚ ਇਕ ਅਧਿਕਾਰੀ ਸਮੇਤ ਛੇ ਸੈਨਿਕਾਂ ਅਤੇ ਕਈ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਹੋਇਆ ਹੈ। ਟੀਟੀਪੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੀ ਸਥਾਪਨਾ 2007 'ਚ ਕਈ ਅੱਤਵਾਦੀ ਸੰਗਠਨਾਂ ਦੇ ਕੋਰ ਸੰਗਠਨ ਵਜੋਂ ਹੋਈ ਸੀ। ਪਾਕਿਸਤਾਨੀ ਸਰਕਾਰ ਨੇ ਵਾਰ-ਵਾਰ ਟੀਟੀਪੀ 'ਤੇ ਅਫਗਾਨਿਸਤਾਨ ਵਿਚ ਸੁਰੱਖਿਅਤ ਪਨਾਹਗਾਹਾਂ ਤੋਂ ਕੰਮ ਕਰਨ ਦਾ ਦੋਸ਼ ਲਗਾਇਆ ਹੈ, ਹਾਲਾਂਕਿ ਅਫਗਾਨ ਤਾਲਿਬਾਨ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।