ਅਮਰੀਕਾ ਦੇ ਇਲੀਨੋਏ ਸੂਬੇ ’ਚ ਵਾਪਰਿਆ ਭਿਆਨਕ ਅਗਨੀਕਾਂਡ, 5 ਮਾਸੂਮਾਂ ਦੀ ਗਈ ਜਾਨ

08/08/2021 12:11:29 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਇਲੀਨੋਏ ਸੂਬੇ ’ਚ ਵਾਪਰੀ ਇੱਕ ਭਿਆਨਕ ਅਗਨੀਕਾਂਡ ਦੀ ਘਟਨਾ ਨੇ ਪੰਜ ਬੱਚਿਆਂ ਦੀ ਜਾਨ ਲੈ ਲਈ ਹੈ। ਇਸ ਘਟਨਾ ਦੀ ਇੱਕ ਰਿਪੋਰਟ ਦੇ ਅਨੁਸਾਰ ਇਨ੍ਹਾਂ ਪੰਜ ਭੈਣ-ਭਰਾਵਾਂ ਦੀ ਉਨ੍ਹਾਂ ਦੇ ਘਰ ’ਚ ਅੱਗ ਲੱਗਣ ਨਾਲ  ਉਸ ਸਮੇਂ ਮੌਤ ਹੋਈ, ਜਦੋਂ ਉਹ ਇਕੱਲੇ ਸਨ। ਸ਼ੁੱਕਰਵਾਰ ਨੂੰ ਸਵੇਰੇ ਤਕਬਰੀਬਨ 3:45 ਵਜੇ ਪੂਰਬੀ ਸੇਂਟ ਲੁਈਸ ’ਚ ਇੱਕ ਅਪਾਰਟਮੈਂਟ ਬਿਲਡਿੰਗ ’ਚ ਫਾਇਰ ਕਰਮਚਾਰੀਆਂ ਵੱਲੋਂ ਅੱਗ ਲੱਗਣ ਉਪਰੰਤ ਕਾਰਵਾਈ ਕਰਦਿਆਂ 2 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ।

ਈਸਟ ਸੇਂਟ ਲੁਈਸ ਅਸਿਸਟੈਂਟ ਫਾਇਰ ਚੀਫ ਜਾਰਜ ਮੈਕਲੇਲਨ ਨੇ ਦੱਸਿਆ ਕਿ ਕਾਰਵਾਈ ਦੌਰਾਨ 2 ਬੱਚੇ ਇੱਕ ਬੈੱਡਰੂਮ ’ਚ ਮ੍ਰਿਤਕ ਹਾਲਤ ਵਿੱਚ ਮਿਲੇ, ਜਦਕਿ ਤਿੰਨ ਹੋਰ ਬੱਚੇ ਰਸੋਈ ਦੀ ਫਰਸ਼ ’ਤੇ ਮਿਲੇ। ਰਸੋਈ ’ਚ ਮਿਲੇ ਬੱਚਿਆਂ ’ਚੋਂ ਇੱਕ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਇਹ ਅੱਗ ਉਸ ਸਮੇਂ ਲੱਗੀ, ਜਦੋਂ ਬੱਚਿਆਂ ਦੀ ਮਾਂ ਘਰ ’ਚ ਨਹੀਂ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਮਾਰਤ ’ਚ ਦਾਖਲ ਹੋਣ ’ਚ ਸਫਲ ਨਹੀਂ ਹੋਈ। ਇਸ ਮਾਮਲੇ ’ਚ ਫਿਲਹਾਲ ਅਧਿਕਾਰੀਆਂ ਨੇ ਬੱਚਿਆਂ ਜਾਂ ਉਨ੍ਹਾਂ ਦੀ ਮਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ, ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰਨ ਲਈ ਜਾਂਚ ਜਾਰੀ ਹੈ।


Manoj

Content Editor

Related News