ਅਮਰੀਕਾ ''ਚ ਭਿਆਨਕ ਹਾਦਸਾ , ਤੇਜ਼ ਰਫਤਾਰ ਬਸ ਨੇ 6 ਗੱਡੀਆਂ ਨੂੰ ਮਾਰੀ ਟੱਕਰ, 5 ਲੋਕਾਂ ਦੀ ਮੌਤ

Saturday, May 30, 2026 - 09:25 AM (IST)

ਅਮਰੀਕਾ ''ਚ ਭਿਆਨਕ ਹਾਦਸਾ , ਤੇਜ਼ ਰਫਤਾਰ ਬਸ ਨੇ 6 ਗੱਡੀਆਂ ਨੂੰ ਮਾਰੀ ਟੱਕਰ, 5 ਲੋਕਾਂ ਦੀ ਮੌਤ

ਸਟੈਫੋਰਡ -  ਅਮਰੀਕਾ ਦੇ ਵਰਜੀਨੀਆ ਸੂਬੇ 'ਚ ਵੀਰਵਾਰ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਬੱਸ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬੱਸ ਡਰਾਈਵਰ ਸਮੇਤ ਕਈ ਲੋਕ ਜ਼ਖਮੀ ਹੋਏ ਹਨ।

ਪੁਲਸ ਅਨੁਸਾਰ ਇਹ ਘਟਨਾ ਸਟੈਫੋਰਡ ਕਾਉਂਟੀ 'ਚ ਕਵਾਂਟਿਕੋ ਦੇ ਨੇੜੇ ਇੰਟਰਸਟੇਟ 95 (I-95) ਦੇ ਦੱਖਣ ਵੱਲ ਜਾਣ ਵਾਲੇ ਮਾਰਗ 'ਤੇ ਰਾਤ ਕਰੀਬ 2:35 ਵਜੇ ਵਾਪਰੀ। ਉਸ ਸਮੇਂ ਰਸਤੇ 'ਚ ਚੱਲ ਰਹੇ ਉਸਾਰੀ ਕਾਰਜਾਂ ਕਾਰਨ ਵਾਹਨਾਂ ਦੀ ਰਫ਼ਤਾਰ ਹੌਲੀ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕ ਬੱਸ ਆਪਣੀ ਰਫ਼ਤਾਰ ਘੱਟ ਕਰਨ 'ਚ ਅਸਫਲ ਰਹੀ ਅਤੇ ਉਸ ਨੇ ਅੱਗੇ ਜਾ ਰਹੇ ਛੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਬੱਸ 'ਚ ਕਰੀਬ 34 ਯਾਤਰੀ ਸਵਾਰ ਸਨ।

ਮਰਨ ਵਾਲੇ ਸਾਰੇ ਪੰਜ ਲੋਕ ਉਨ੍ਹਾਂ ਕਾਰਾਂ 'ਚ ਸਵਾਰ ਸਨ ਜਿਨ੍ਹਾਂ ਨੂੰ ਬੱਸ ਨੇ ਟੱਕਰ ਮਾਰੀ ਸੀ। ਮ੍ਰਿਤਕਾਂ 'ਚੋਂ ਚਾਰ ਲੋਕ ਇਕੋ ਕਾਰ 'ਚ ਸਵਾਰ ਸਨ, ਜਿਸ ਨੂੰ ਟੱਕਰ ਲੱਗਣ ਤੋਂ ਬਾਅਦ ਅੱਗ ਲੱਗ ਗਈ ਸੀ। ਇਹ ਚਾਰੇ ਮ੍ਰਿਤਕ ਮੈਸਾਚਿਊਸਟਸ ਦੇ ਗ੍ਰੀਨਫੀਲਡ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਦਿਮਿਤਰੀ ਅਤੇ ਏਕਾਤੇਰੀਨਾ ਡੋਨਸੇਵ ਅਤੇ ਉਨ੍ਹਾਂ ਦੇ ਦੋ ਬੱਚਿਆਂ, ਐਮੀਲੀ (13 ਸਾਲ) ਅਤੇ ਮਾਰਕ (7 ਸਾਲ) ਵਜੋਂ ਹੋਈ ਹੈ। ਪੰਜਵੀਂ ਮ੍ਰਿਤਕ ਵੌਰਸੇਸਟਰ, ਮੈਸਾਚਿਊਸਟਸ ਦੀ ਇੱਕ 25 ਸਾਲਾ ਮਹਿਲਾ ਸੀ।

ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ 44 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਬੱਸ ਦਾ ਡਰਾਈਵਰ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਸੰਘੀ ਆਵਾਜਾਈ ਪ੍ਰਸ਼ਾਸਨ ਦੇ ਬੁਲਾਰੇ ਨੇ ਇਸ ਨੂੰ ਹੁਣ ਤੱਕ ਦੇ ਸਭ ਤੋਂ ਦੁਖਦ ਹਾਦਸਿਆਂ 'ਚੋਂ ਇਕ ਕਰਾਰ ਦਿੱਤਾ ਹੈ।


author

Sunaina

Content Editor

Related News