ਯੂਰਪ ਦੇ ਇਸ ਦੇਸ਼ ''ਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼, ਰੈਲੀ ''ਚ ਇਕੱਠੇ ਹੋਏ 70,000 ਲੋਕ
Sunday, Sep 04, 2022 - 10:12 AM (IST)
ਪ੍ਰਾਗ (ਏਜੰਸੀ) - ਯੂਰਪੀ ਮਹਾਂਦੀਪ ਵਿੱਚ ਸਥਿਤ ਦੇਸ਼ ਚੈੱਕ ਗਣਰਾਜ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੇ ਖਿਲਾਫ ਰੈਲੀ 'ਚ ਦੂਰ-ਦਰਾਜ ਦੇ ਇਲਾਕਿਆਂ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ਿਰਕਤ ਕੀਤੀ। ਪੁਲਸ ਦਾ ਅੰਦਾਜ਼ਾ ਹੈ ਕਿ ਪ੍ਰਾਗ ਸੈਂਟਰਲ ਵੈਨਸਲਾਸ ਸਕੁਆਇਰ 'ਤੇ ਨਾਰਾਜ਼ ਲੋਕਾਂ ਦੀ ਗਿਣਤੀ ਕਰੀਬ 70 ਹਜ਼ਾਰ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੁੱਝ ਸਿਆਸੀ ਪਾਰਟੀਆਂ ਨੇ ਕੀਤੀ, ਜਿਸ ਵਿਚ ਡਾਇਰੈਕਟ ਡੈਮੋਕਰੇਸੀ ਪਾਰਟੀ ਅਤੇ ਕਮਿਊਨਿਸਟ ਪਾਰਟੀ ਸ਼ਾਮਲ ਹੈ।
ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਰੂੜੀਵਾਦੀ ਪ੍ਰਧਾਨ ਮੰਤਰੀ ਪੇਟਰ ਫਿਆਲਾ ਦੀ ਅਗਵਾਈ ਵਾਲੀ ਮੌਜੂਦਾ ਗੱਠਜੋੜ ਸਰਕਾਰ ਦੇ ਅਸਤੀਫੇ ਦੀ ਮੰਗ ਕੀਤੀ। ਦਰਅਸਲ ਇਹ ਲੋਕ ਸਰਕਾਰ ਦੀ ਪੱਛਮੀ ਦੇਸ਼ਾਂ ਦੀ ਹਮਾਇਤ ਵਾਲੀ ਨੀਤੀਆਂ ਸਮੇਤ ਕਈ ਮੁੱਦਿਆਂ ਤੋਂ ਨਾਰਾਜ਼ ਹਨ ਅਤੇ ਲਗਾਤਾਰ ਇਸ ਦੀ ਆਲੋਚਨਾ ਕਰ ਰਹੇ ਹਨ। ਪ੍ਰਧਾਨ ਮੰਤਰੀ ਫਿਆਲਾ ਨੇ ਕਿਹਾ ਕਿ ਹਰ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਪ੍ਰਦਰਸ਼ਨਕਾਰੀ ਰੂਸ ਪੱਖੀ ਵਿਚਾਰ ਪ੍ਰਗਟ ਕਰ ਰਹੇ ਹਨ ਜੋ ਚੈੱਕ ਗਣਰਾਜ ਅਤੇ ਸਾਡੇ ਨਾਗਰਿਕਾਂ ਦੇ ਹਿੱਤ ਵਿੱਚ ਨਹੀਂ ਹਨ।
ਦਰਅਸਲ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਯੂਕ੍ਰੇਨ ਵਿੱਚ ਜੰਗ ਨੂੰ ਲੈ ਕੇ ਰੂਸ ਦੇ ਖਿਲਾਫ ਪਾਬੰਦੀਆਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਨਿੰਦਾ ਕੀਤੀ ਅਤੇ ਇਹ ਦੋਸ਼ ਲਗਾਇਆ ਕਿ ਉਹ ਊਰਜਾ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਦੇ ਯੋਗ ਨਹੀਂ ਹੈ। ਉਥੇ ਹੀ ਪ੍ਰਦਰਸ਼ਨਕਾਰੀਆਂ ਨੇ ਨਾਟੋ ਅਤੇ ਈਯੂ ਅਤੇ 27 ਦੇਸ਼ਾਂ ਦੀਆਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਨਿਰਪੱਖਤਾ ਤੱਕ ਪਹੁੰਚਣ ਦੀਆਂ ਯੋਜਨਾਵਾਂ ਦੀ ਵੀ ਆਲੋਚਨਾ ਕੀਤੀ। ਚੈੱਕ ਗਣਰਾਜ ਰੂਸੀ ਹਮਲੇ ਵਿਰੁੱਧ ਇਸ ਲੜਾਈ ਵਿੱਚ ਯੂਕ੍ਰੇਨ ਦਾ ਜ਼ੋਰਦਾਰ ਸਮਰਥਨ ਕਰਦਾ ਰਿਹਾ ਹੈ ਅਤੇ ਉਸ ਨੇ ਯੂਕ੍ਰੇਨ ਦੇ ਹਥਿਆਰਬੰਦ ਬਲਾਂ ਨੂੰ ਭਾਰੀ ਹਥਿਆਰਾਂ ਸਮੇਤ ਕਈ ਫੌਜੀ ਸਾਜ਼ੋ-ਸਾਮਾਨ ਦੀ ਸਪਲਾਈ ਕੀਤੀ ਹੈ। ਉਥੇ ਹੀ ਸਰਕਾਰ ਹੁਣ ਊਰਜਾ ਸੰਕਟ ਦੇ ਮੁੱਦੇ 'ਤੇ ਅਗਲੇ ਹਫਤੇ ਯੂਰਪੀ ਸੰਘ ਦੇ ਦੇਸ਼ਾਂ ਦੀ ਐਮਰਜੈਂਸੀ ਬੈਠਕ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ।