ਅਮਰੀਕੀ ਸੂਬੇ ਟੈਨੇਸੀ ''ਚ ਹੜ੍ਹ ਦਾ ਕਹਿਰ, 4 ਲੋਕਾਂ ਦੀ ਮੌਤ
Tuesday, Mar 30, 2021 - 10:38 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਟੈਨੇਸੀ ਦੇ ਖੇਤਰਾਂ ਵਿੱਚ ਆਏ ਹੜ੍ਹ ਨੇ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ 4 ਲੋਕਾਂ ਦੀ ਜਾਨ ਵੀ ਲੈ ਲਈ ਹੈ। ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਫ਼ਤੇ ਦੇ ਅੰਤ ਵਿੱਚ, ਟੈਨੇਸੀ ਦੇ ਨੈਸ਼ਵਿਲ ਵਿੱਚ 7 ਇੰਚ ਬਾਰਸ਼ ਦੇ ਬਾਅਦ ਹੜ੍ਹਾਂ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਈ ਹੈ ਅਤੇ 130 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ।
ਇਸ ਸਬੰਧੀ ਨੈਸ਼ਵਿਲ ਪੁਲਸ ਨੇ ਸੇਡਾਨ ਵਿੱਚ ਮਰੇ ਹੋਏ ਇੱਕ ਵਿਅਕਤੀ ਦੀ ਭਾਲ ਕੀਤੀ, ਜੋ ਨਦੀ ਵਿੱਚ ਡੁੱਬਿਆ ਹੋਇਆ ਸੀ, ਜਦਕਿ ਇੱਕ ਹੋਰ ਵਿਅਕਤੀ ਨੂੰ ਗੋਲਫ ਕੋਰਸ ਵਿੱਚ ਮ੍ਰਿਤਕ ਪਾਇਆ ਗਿਆ। ਇਸ ਦੇ ਇਲਾਵਾ ਦੋ ਹੋਰ ਹੜ੍ਹ ਪੀੜਤਾਂ, ਇੱਕ ਆਦਮੀ ਅਤੇ ਇੱਕ ਔਰਤ ਦੀ ਲਾਸ਼, ਦੱਖਣੀ ਨੈਸ਼ਵਿਲ ਦੇ ਇੱਕ ਜੰਗਲੀ ਖੇਤਰ ਵਿੱਚੋਂ ਬਰਾਮਦ ਕੀਤੀ ਗਈ। ਇੰਨਾ ਹੀ ਨਹੀਂ ਤਕਰੀਬਨ 700,000 ਵਸੋਂ ਵਾਲਾ ਇਹ ਸ਼ਹਿਰ ਐਤਵਾਰ ਤੱਕ ਰਾਸ਼ਟਰੀ ਮੌਸਮ ਸੇਵਾ ਦੁਆਰਾ ਜਾਰੀ ਹੜ੍ਹ ਦੀ ਚੇਤਾਵਨੀ ਦੇ ਅਧੀਨ ਰਿਹਾ। ਹੜ੍ਹ ਕਾਰਨ ਅੱਗ ਬੁਝਾਊ ਵਿਭਾਗ ਅਤੇ ਜਲ ਬਚਾਅ ਟੀਮਾਂ ਨੇ ਘੱਟੋ-ਘੱਟ 130 ਲੋਕਾਂ ਨੂੰ ਕਾਰਾਂ ਅਤੇ ਘਰਾਂ ਵਿੱਚੋਂ ਸੁਰੱਖਿਅਤ ਬਚਾਇਆ ਹੈ।